35 ਸਾਲ ਪੁਰਾਣੇ ਕਤਲ ਦੇ ਮਾਮਲੇ ਵਿਚ ਵਿਰਸਾ ਸਿੰਘ ਵਲਟੋਹਾ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ
Friday, Feb 01, 2019 - 09:27 PM (IST)

ਤਰਨਤਾਰਨ (ਵੈਬ ਡੈਸਕ)-ਹਲਕਾ ਖੇਮਕਰਨ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਪੱਟੀ ਦੀ ਅਦਾਲਤ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ 13 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।
ਇਸ ਸੰਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 30 ਸਤੰਬਰ 1983 ਨੂੰ ਪੱਟੀ ਵਿਚ ਡਾ. ਸੁਦਰਸ਼ਨ ਕੁਮਾਰ ਤ੍ਰੇਹਣ ਦਾ ਕਤਲ ਹੋ ਗਿਆ ਸੀ। ਇਸ ਮਾਮਲੇ ਵਿਚ ਅਦਾਲਤੀ ਕਾਰਵਾਈ ਦੌਰਾਨ ਅਕਾਲੀ ਆਗੂ ਵਲਟੋਹਾ ਦਾ ਨਾਮ ਵੀ ਉਛਾਲਿਆਂ ਜਾ ਰਿਹਾ ਹੈ। ਜਿਸ ਸਬੰਧੀ ਹੁਣ ਐੱਸ. ਆਈ. ਟੀ. ਵਲੋਂ ਇਕ ਚਲਾਨ ਪੱਟੀ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਲਗਭਗ 35 ਸਾਲ ਪੁਰਾਣੇ ਇਸ ਮਾਮਲੇ ਵਿਚ ਵਿਰਸਾ ਸਿੰਘ ਵਲਟੋਹਾ ਨੂੰ 13 ਮਾਰਚ ਨੂੰ ਪੇਸ਼ ਹੋ ਕੇ ਆਪਣੇ ਬਿਆਨ ਦਰਜ਼ ਕਰਵਾਉਣ ਲਈ ਕਿਹਾ ਹੈ। ਜਾਣਕਾਰੀ ਮੁਤਾਬਕ 9 ਸਤੰਬਰ 1983 ਨੂੰ ਪੱਟੀ ਨਿਵਾਸੀ ਡਾ. ਤ੍ਰੇਹਣ ਦੇ ਕਤਲ ਸਬੰਧੀ ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਸਬੰਧੀ ਪੁਲਸ ਨੇ ਇਕ ਮਹੀਨੇ ਬਾਅਦ ਹਰਦੇਵ ਸਿੰਘ ਨਾਮਕ ਵਿਅਕਤੀ ਜੋ ਅਪਰਾਧਕ ਮਾਮਲਿਆਂ ਤਹਿਤ ਨਾਭਾ ਜੇਲ 'ਚ ਬੰਦ ਸੀ। ਹਰਦੇਵ ਸਿੰਘ ਪਾਸੋ ਕੀਤੀ ਰਿਮਾਡ ਦੌਰਾਨ ਪੁੱਛਗਿੱਛ 'ਚ ਉਸ ਨੇ ਮੰਨਿਆ ਕਿ ਬਲਦੇਵ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਨਾਲ ਮਿਲ ਕੇ ਡਾ. ਤ੍ਰੇਹਣ ਦੇ ਕਤਲ ਪਿੱਛੇ ਉਹ ਵੀ ਸ਼ਾਮਲ ਸੀ। ਜਿਸ ਤੋਂ ਬਾਅਦ ਪੁਲਸ ਨੇ ਹਰਦੇਵ ਸਿੰਘ ਦੇ ਕਬੂਲ ਨਾਮੇ ਤਹਿਤ ਵਲਟੋਹਾ ਨੂੰ ਕਤਲ ਕੇਸ 'ਚ ਨਾਮਜ਼ਦ ਕਰ ਲਿਆ ਸੀ। ਇਸ ਤੋਂ ਬਾਅਦ ਵਲਟੋਹਾ ਖਿਲਾਫ ਕਿਸੇ ਵੀ ਪੁਲਸ ਅਧਿਕਾਰੀ ਨੇ ਕਤਲ ਮਾਮਲੇ 'ਚ ਨਾਮਜ਼ਦ ਵਲਟੋਹਾ ਦਾ ਕਦੇ ਵੀ ਅਦਾਲਤ 'ਚ ਚਲਾਨ ਪੇਸ਼ ਨਹੀਂ ਕੀਤਾ।
ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਮਾਮਲੇ ਨਾਲ ਸਬੰਧਤ ਫਾਈਲਾਂ ਪੱਟੀ ਪੁਲਸ ਥਾਣੇ ਤੋਂ ਵੀ ਗਾਇਬ ਕਰ ਦਿੱਤੀਆਂ ਗਈਆਂ ਹਨ, ਜਿਸ ਸਬੰਧੀ ਕਿਸੇ ਨੇ ਵੀ ਕੋਈ ਜਾਂਚ ਨਹਂ ਕੀਤੀ। ਇਸ ਤੋਂ ਬਾਅਦ ਵਲਟੋਹਾ ਨੂੰ ਫਰਵਰੀ 1991 'ਚ ਜ਼ਿਲਾ ਸੈਸ਼ਨ ਜੱਜ ਪਾਸੋ ਇਸ ਕੇਸ 'ਚ ਜ਼ਮਾਨਤ ਵੀ ਮਿਲ ਗਈ ਸੀ। ਜਦ ਕਿ ਪਹਿਲਾਂ ਕਦੇ ਕੋਈ ਪੂਰਾ ਚਲਾਨ ਪੁਲਸ ਵਲੋਂ ਪੇਸ਼ ਨਹੀਂ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਵਲਟੋਹਾ ਖਿਲਾਫ ਦਰਜ ਅਪਰਾਧ ਮਾਮਲੇ ਦੇ ਬਾਵਜੂਦ ਉਨ੍ਹਾਂ ਨੇ ਦੋ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਜੇਤੂ ਰਹੇ। ਇਸ ਤਹਿਤ ਕੋਈ ਵੀ ਇਤਰਾਜ ਨਹੀਂ ਜਤਾਇਆ ਗਿਆ ਅਤੇ ਪੁਲਸ ਨੇ ਪਾਸਪੋਰਟ, ਹਥਿਆਰ, ਲਾਈਸੈਂਸ ਅਤੇ ਸੁਰੱਖਿਆ ਸਬੰਧੀ ਵਲਟੋਹਾ ਨੂੰ ਆਗਿਆ ਮਿਲਦੀ ਰਹੀ। ਸ਼ੁੱਕਰਵਾਰ ਪੱਟੀ ਦੀ ਸੱਬ ਡਵੀਜ਼ਨਲ ਜੂਡੀਸ਼ੀਅਲ ਮੈਜੀਸਟਰੇਟ ਮਨੀਸ਼ ਦੀ ਅਦਾਲਤ 'ਚ ਪੁਲਸ ਨੇ ਵਲਟੋਹਾ ਖਿਲਾਫ ਚਲਾਨ ਪੇਸ਼ ਕਰ ਦਿੱਤਾ ਹੈ। ਜਿਸ ਦੀ ਸੁਣਵਾਈ ਕਰਨ ਲਈ ਜੱਜ ਨੇ ਵਿਰਸਾ ਸਿੰਘ ਵਲਟੋਹਾ ਨੂੰ 13 ਮਾਰਚ ਲਈ ਅਦਾਲਤ 'ਚ ਪੇਸ਼ ਹੋਣ ਲਈ ਤਲਬ ਕੀਤਾ ਹੈ। ਉਧਰ ਵਲਟੋਹਾ ਨੇ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਨ ਲਈ ਉਹ ਅਦਾਲਤ 'ਚ ਪੇਸ਼ ਹੋਣਗੇ।