ਯੂਕ੍ਰੇਨ ਬੰਬ ਧਮਾਕੇ ''ਚ ਵਾਲ-ਵਾਲ ਬਚੇ ਵਿਨੇ ਦਾ ਘਰ ਪੁੱਜਣ ''ਤੇ ਢੋਲ ਦੀ ਥਾਪ ਨਾਲ ਸੁਆਗਤ

Wednesday, Mar 09, 2022 - 11:31 AM (IST)

ਯੂਕ੍ਰੇਨ ਬੰਬ ਧਮਾਕੇ ''ਚ ਵਾਲ-ਵਾਲ ਬਚੇ ਵਿਨੇ ਦਾ ਘਰ ਪੁੱਜਣ ''ਤੇ ਢੋਲ ਦੀ ਥਾਪ ਨਾਲ ਸੁਆਗਤ

ਲੁਧਿਆਣਾ (ਮੁਕੇਸ਼) : ਯੂਕ੍ਰੇਨ ਬੰਬ ਧਮਾਕੇ ਦੌਰਾਨ ਵਾਲ-ਵਾਲ ਬਚੇ ਵਿਨੇ ਕੁਮਾਰ ਦਾ ਯੂਕ੍ਰੇਨ ਤੋਂ ਘਰ ਪਰਤਣ ’ਤੇ ਕੌਂਸਲਰ ਸੰਦੀਪ ਕੁਮਾਰੀ, ਗੌਰਵ ਭੱਟੀ (ਚਾਚਾ-ਚਾਚੀ) ਅਜੀਤ ਕੁਮਾਰ, ਤ੍ਰਿਪਤਾ ਦੇਵੀ ਮਾਤਾ-ਪਿਤਾ ਤੇ ਮੁਹੱਲੇ ਦੇ ਲੋਕਾਂ ਵੱਲੋਂ ਜਮਾਲਪੁਰ ਕਾਲੋਨੀ ਪਹੁੰਚਣ ’ਤੇ ਢੋਲ ਵਜਾ ਕੇ ਤੇ ਲੱਡੂ ਵੰਡ ਕੇ ਨਿੱਘਾ ਸਵਾਗਤ ਕੀਤਾ ਗਿਆ। ਭੱਟੀ ਨੇ ਕਿਹਾ ਕਿ 5 ਸਾਲ ਪਹਿਲਾਂ ਉਨ੍ਹਾਂ ਦਾ ਭਤੀਜਾ ਯੂਕ੍ਰੇਨ ਵਿਖੇ ਡਾਕਟਰੀ ਦੀ ਪੜ੍ਹਾਈ ਲਈ ਗਿਆ ਸੀ, ਜੋ ਕਿ ਕਾਦੀਆਂ ਦਾ ਰਹਿਣ ਵਾਲਾ ਹੈ। ਮੈਡੀਕਲ ਦਾ ਵਿਦਿਆਰਥੀ ਹੈ, ਉਸ ਦਾ ਪੰਜਵਾਂ ਸਮੈਸਟਰ ਚੱਲ ਰਿਹਾ ਸੀ। ਰੂਸ-ਯੂਕ੍ਰੇਨ ਦੀ ਜੰਗ ’ਚ ਉਹ ਖਾਰਕੀਵ ਵਿਖੇ ਬੁਰੀ ਤਰ੍ਹਾਂ ਨਾਲ ਫਸ ਗਿਆ।

ਇਹ ਵੀ ਪੜ੍ਹੋ : ਰੱਬ ਕਿਸੇ ਦੇ ਪੁੱਤ ਨੂੰ ਇੰਝ ਨਾ ਖੋਹੇ, ਦੇਖੋ ਫ਼ੌਜ ਦੀ ਤਿਆਰੀ ਕਰਦੇ ਗੱਭਰੂ ਨੂੰ ਕਿੰਝ ਮੌਤ ਨੇ ਕਲਾਵੇ 'ਚ ਲਿਆ (ਵੀਡੀਓ)

ਵਿਨੇ ਨੇ ਕਿਹਾ ਕਿ ਖ਼ਾਰਕੀਵ ਤੋਂ ਬਾਰਡਰ ਵਾਲੇ ਪਾਸੇ ਨਿਕਲਦੇ ਸਮੇਂ ਰਸਤੇ ’ਚ ਜ਼ੋਰਦਾਰ ਬੰਬ ਧਮਾਕਾ ਹੋਇਆ, ਜੋ ਕਿ ਉਨ੍ਹਾਂ ਤੋਂ ਕੁੱਝ ਦੂਰੀ ’ਤੇ ਹੋਇਆ ਸੀ। ਜ਼ੋਰਦਾਰ ਧਮਾਕੇ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟਣ ਮਗਰੋਂ ਉੱਡ ਕੇ ਉਨ੍ਹਾਂ ’ਤੇ ਡਿੱਗੇ ਪਰ ਉਹ ਲੋਕ ਵਾਲ-ਵਾਲ ਬਚ ਗਏ। ਉਸ ਨੇ ਜੋ ਓਵਰਕੋਟ ਤੇ ਵਧੀਆ ਬੂਟ ਪਾਏ ਹੋਏ ਸੀ, ਉਨ੍ਹਾਂ ’ਚ ਕੱਚ ਦੇ ਟੁਕੜੇ ਆ ਕੇ ਲੱਗੇ ਤਾਂ ਸਹੀ ਪਰ ਉਸ ਨੂੰ ਮਾਮੂਲੀ ਜ਼ਖਮ ਹੋਏ। ਓਵਰਕੋਟ ਤੇ ਕਈ ਥਾਵਾਂ ਤੋਂ ਬੂਟ ਫੱਟ ਗਏ ਪਰ ਉਸ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ : ਮੌੜ ਮੰਡੀ ਬਲਾਸਟ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਖ਼ਾਸ ਹੁਕਮ

ਵਿਨੇ ਨੇ ਦੱਸਿਆ ਕਿ ਯੂਕ੍ਰੇਨ ਦੇ ਲੋਕਾਂ ਨੇ ਉਨ੍ਹਾਂ ਨੂੰ ਟਰੇਨ ’ਚ ਚੜ੍ਹਨ ਨਹੀਂ ਦਿੱਤਾ। ਇੱਥੋਂ ਤੱਕ ਕਿ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ। ਉਹ ਲੋਕ ਭੁੱਖੇ-ਪਿਆਸੇ ਹੀ ਬਾਰਡਰ ਵੱਲ ਨੂੰ ਤੁਰੇ ਰਹੇ। 50 ਕਿਲੋਮੀਟਰ ਦੇ ਕਰੀਬ ਉਨ੍ਹਾਂ ਨੂੰ ਪੈਦਲ ਤੁਰਨਾ ਪਿਆ। ਰਿਹਾਇਸ਼ੀ ਇਲਾਕਿਆਂ ’ਚ ਰੂਸ ਵੱਲੋਂ ਲਗਾਤਾਰ ਕੀਤੀ ਜਾਂਦੀ ਰਹੀ ਬੰਬਬਾਰੀ ਕਾਰਨ ਉਹ ਲੋਕ ਡਰਦੇ ਵੀ ਰਹੇ ਕਿ ਘਰ ਪਰਤ ਵੀ ਸਕਣਗੇ ਕਿ ਨਹੀਂ ਪਰ ਉਨ੍ਹਾਂ ਨੇ ਹਿੰਮਤ ਤੇ ਹੌਂਸਲਾ ਨਹੀਂ ਹਾਰਿਆ ਅਤੇ ਮਾਤਾ-ਪਿਤਾ ਨੂੰ ਵੀ ਹੌਂਸਲਾ ਦਿੰਦੇ ਰਹੇ। ਅਖ਼ੀਰ ਰੋਮਾਨੀਆ ਤੋਂ ਜਹਾਜ਼ ਰਾਹੀਂ ਉਹ ਲੋਕ ਭਾਰਤ ਪਹੁੰਚ ਗਏ। ਵਿਨੇ ਨੇ ਕਿਹਾ ਕਿ ਉਹ ਬੰਬ ਧਮਾਕੇ ਦੌਰਾਨ ਫਟੇ ਓਵਰਕੋਟ ਤੇ ਬੂਟਾਂ ਨੂੰ ਯਾਦਗਾਰ ਦੇ ਤੌਰ ’ਤੇ ਹਮੇਸ਼ਾ ਲਈ ਸੰਭਾਲ ਕੇ ਰੱਖੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News