ਪਿੰਡ ਦੌਲਤਪੁਰਾ ''ਚ ਸਰਕਾਰੀ ਰਸਤੇ ''ਚੋਂ ਪਸ਼ੂ ਲੰਘਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ

Wednesday, Aug 26, 2026 - 06:04 PM (IST)

ਪਿੰਡ ਦੌਲਤਪੁਰਾ ''ਚ ਸਰਕਾਰੀ ਰਸਤੇ ''ਚੋਂ ਪਸ਼ੂ ਲੰਘਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ

ਮੋਗਾ (ਕਸ਼ਿਸ਼ ਸਿੰਗਲਾ) : ਪਿੰਡ ਦੌਲਤਪੁਰਾ ਵਿੱਚ ਸਰਕਾਰੀ ਰਸਤੇ ਵਿੱਚੋਂ ਪਸ਼ੂ ਲੰਘਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਵਿਚ ਭੈਣ-ਭਰਾ ਜ਼ਖਮੀ ਹੋ ਗਏ। ਜ਼ਖਮੀ ਲੜਕੀ ਨੇਹਾ ਅਤੇ ਉਸਦਾ ਭਰਾ ਮੋਗਾ ਦੇ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹਨ। ਦੂਜੀ ਧਿਰ ਦਾ ਵੀ ਇਕ ਵਿਅਕਤੀ ਮਾਮੂਲੀ ਸੱਟਾਂ ਕਾਰਨ ਹਸਪਤਾਲ ਵਿਚ ਦਾਖਲ ਹੈ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਨੇਹਾ ਨੇ ਦੱਸਿਆ ਕਿ ਘਟਨਾ ਨੂੰ ਚਾਰ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਦੇ ਬਿਆਨ ਦਰਜ ਕਰਨ ਲਈ ਕੋਈ ਪੁਲਸ ਅਧਿਕਾਰੀ ਉਨ੍ਹਾਂ ਕੋਲ ਨਹੀਂ ਪਹੁੰਚਿਆ। ਉਸਨੇ ਦੋਸ਼ ਲਗਾਇਆ ਕਿ ਤੇਜ਼ਧਾਰ ਹਥਿਆਰ ਨਾਲ ਉਸਦੇ ਸਿਰ ’ਤੇ ਵਾਰ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਈ। ਉਸਨੇ ਕਿਹਾ ਕਿ ਹਸਪਤਾਲ ਵਿਚ ਵੀ ਉਸਨੂੰ ਢੁੱਕਵਾਂ ਇਲਾਜ ਨਾ ਮਿਲਣ ਕਾਰਨ ਉਹ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ।

ਨੇਹਾ ਅਤੇ ਉਸਦੀ ਭੈਣ ਨੇ ਦੋਸ਼ ਲਗਾਇਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਿਤਾ ਦੇ ਦਿਵਿਆਂਗ ਹੋਣ ਕਾਰਨ ਦੂਜੀ ਧਿਰ ਵੱਲੋਂ ਉਨ੍ਹਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਰਸਤੇ ਵਿੱਚੋਂ ਹਰ ਕੋਈ ਪਸ਼ੂ ਅਤੇ ਹੋਰ ਸਾਧਨ ਲੈ ਕੇ ਲੰਘਦਾ ਹੈ ਪਰ ਜਦੋਂ ਉਹ ਪਸ਼ੂ ਲੈ ਕੇ ਲੰਘਦੇ ਹਨ ਤਾਂ ਜਾਣ-ਬੁੱਝ ਕੇ ਉਨ੍ਹਾਂ ਨਾਲ ਝਗੜਾ ਕੀਤਾ ਜਾਂਦਾ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਦੀ ਨਾਲੀ ਵਿਚੋਂ ਪਾਣੀ ਵੀ ਰੋਕ ਦਿੱਤਾ ਗਿਆ ਪਰ ਜਦੋਂ ਉਨ੍ਹਾਂ ਦੇ ਭਰਾ ਨੇ ਇਸ ਦਾ ਵਿਰੋਧ ਕੀਤਾ ਤਾਂ ਤਾਏ ਦੇ ਲੜਕੇ ਨੇ ਬਾਹਰੋਂ ਕੁਝ ਨੌਜਵਾਨ ਬੁਲਾ ਕੇ ਉਨ੍ਹਾਂ ’ਤੇ ਹਮਲਾ ਕੀਤਾ, ਜਿਸ ਦੌਰਾਨ ਉਹ ਦੋਵੇਂ ਜ਼ਖਮੀ ਹੋ ਗਏ।

ਦੂਜੀ ਉਧਰ ਦੂਸਰੀ ਧਿਰ ਵੱਲੋਂ ਸਿਵਲ ਹਸਪਤਾਲ ਵਿਚ ਦਾਖਲ ਰਵਿੰਦਰ ਕੁਮਾਰ ਨੇ ਦੱਸਿਆ  ਕਿ ਉਨ੍ਹਾਂ ਦੇ ਘਰ ਸਾਹਮਣੇ ਸਰਕਾਰੀ ਗਲੀ ਲੰਘਦੀ ਹੈ ਅਤੇ ਪਸ਼ੂ ਲੰਘਾਉਣ ਨੂੰ ਲੈ ਕੇ ਝਗੜਾ ਹੋਇਆ। ਉਸਨੇ ਦੋਸ਼ ਲਗਾਇਆ ਕਿ ਉਸਦੇ ਚਾਚੇ ਦਾ ਲੜਕਾ ਉਸਨੂੰ ਕੁੱਟਮਾਰ ਕਰਨ ਦੀ ਨੀਅਤ ਨਾਲ ਗੇਟ ’ਤੇ ਬੈਠਾ ਸੀ, ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ। ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ ’ਤੇ ਲਗਾਏ ਜਾ ਰਹੇ ਦੋਸ਼ਾਂ ਦੀ ਪੁਲਸ ਜਾਂਚ ਤੋਂ ਬਾਅਦ ਹੀ ਪੂਰੀ ਸੱਚਾਈ ਸਾਹਮਣੇ ਆ ਸਕੇਗੀ। 


author

Gurminder Singh

Content Editor

Related News