ਰਾਜਪੁਰਾ-ਮੋਹਾਲੀ ਰੇਲ ਲਿੰਕ ਨੂੰ ਕੇਂਦਰ ਵੱਲੋਂ ਪ੍ਰਵਾਨਗੀ, ਡਾ. ਸਾਹਨੀ ਨੇ ਕੀਤੀ ਸ਼ਲਾਘਾ

Tuesday, Sep 23, 2025 - 04:50 PM (IST)

ਰਾਜਪੁਰਾ-ਮੋਹਾਲੀ ਰੇਲ ਲਿੰਕ ਨੂੰ ਕੇਂਦਰ ਵੱਲੋਂ ਪ੍ਰਵਾਨਗੀ, ਡਾ. ਸਾਹਨੀ ਨੇ ਕੀਤੀ ਸ਼ਲਾਘਾ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਅੱਜ ਲੰਬੇ ਸਮੇਂ ਤੋਂ ਲਟਕ ਰਹੇ ਰਾਜਪੁਰਾ-ਮੋਹਾਲੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਪੰਜਾਬ ਦੀ ਸੰਪਰਕ ਲਾਈਨ ਲਈ ਇਕ ਮੀਲ ਪੱਥਰ ਹੈ। ਪੰਜਾਬ ਤੋਂ ਸੰਸਦ ਮੈਂਬਰ ਰਾਜ ਸਭਾ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਇਸ ਪ੍ਰਾਪਤੀ 'ਤੇ ਆਪਣੀ ਡੂੰਘੀ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਉਹ 2022 ਵਿਚ ਸੰਸਦ ਵਿਚ ਦਾਖਲ ਹੋਣ ਤੋਂ ਬਾਅਦ ਹੀ ਇਹ ਮੰਗ ਲਗਾਤਾਰ ਉਠਾਉਂਦੇ ਆ ਰਹੇ ਸਨ।

ਡਾ. ਸਾਹਨੀ ਨੇ ਕਿਹਾ ਕਿ ਰਾਜ ਸਭਾ ਵਿਚ ਆਉਣ ਤੋਂ ਬਾਅਦ ਹੀ ਮੈਂ ਇਸ ਰੇਲ ਲਿੰਕ ਦੀ ਫੌਰੀ ਲੋੜ ਦਾ ਮਸਲਾ ਚੁੱਕਿਆ ਸੀ, ਜੋ ਕਿ ਪੰਜਾਬ ਦੇ ਵਪਾਰ, ਉਦਯੋਗ, ਵਿਦਿਆਰਥੀਆਂ ਅਤੇ ਰੋਜ਼ਾਨਾ ਯਾਤਰੀਆਂ ਲਈ ਬਹੁਤ ਅਹਿਮ ਹੈ। ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਵੱਲੋਂ ਇਸ ਮੰਗ 'ਤੇ ਜ਼ੋਰ ਦੇਣ ਲਈ ਕਈ ਵਾਰ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਨਿੱਜੀ ਤੌਰ 'ਤੇ ਮਿਲਦੇ ਰਹੇ ਹਨ। ਰਾਜਪੁਰਾ-ਮੋਹਾਲੀ ਰੇਲ ਲਿੰਕ ਖੇਤਰੀ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ, ਨੌਕਰੀਆਂ ਪੈਦਾ ਕਰੇਗਾ ਅਤੇ ਅਣਗਿਣਤ ਪਰਿਵਾਰਾਂ ਲਈ ਯਾਤਰਾ ਨੂੰ ਆਸਾਨ ਬਣਾਏਗਾ। ਉਨ੍ਹਾਂ ਵਾਅਦਾ ਕੀਤਾ ਕਿ ਮੈਂ ਸੰਸਦ ਵਿਚ ਪੰਜਾਬ ਦੇ ਵਿਕਾਸ ਲਈ ਇਕ ਮਜ਼ਬੂਤ ​​ਆਵਾਜ਼ ਬਣਨਾ ਜਾਰੀ ਰੱਖਾਂਗਾ। 


author

Gurminder Singh

Content Editor

Related News