ਵਿਕਾਸ ਬਰਾਲਾ ਦੀ ਜ਼ਮਾਨਤ ''ਤੇ ਬਹਿਸ ਨੂੰ ਲੈ ਕੇ ਹੋਇਆ ਡਰਾਮਾ
Saturday, Sep 09, 2017 - 08:26 AM (IST)
ਚੰਡੀਗੜ੍ਹ (ਸੁਸ਼ੀਲ) - ਹਰਿਆਣਾ ਦੇ ਆਈ. ਏ. ਐੈੱਸ. ਅਧਿਕਾਰੀ ਦੀ ਬੇਟੀ ਦਾ ਪਿੱਛਾ ਕਰਕੇ ਉਸਨੂੰ ਅਗਵਾ ਕਰਨ ਦੇ ਮਾਮਲੇ 'ਚ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰਜਨੀਸ਼ ਕੁਮਾਰ ਸ਼ਰਮਾ ਦੀ ਅਦਾਲਤ 'ਚ ਹਰਿਆਣਾ ਬੀ. ਜੇ. ਪੀ. ਪ੍ਰਧਾਨ ਦੇ ਮੁਲਜ਼ਮ ਬੇਟੇ ਵਿਕਾਸ ਬਰਾਲਾ ਦੀ ਜ਼ਮਾਨਤ ਨੂੰ ਲੈ ਕੇ ਜਮ ਕੇ ਡਰਾਮਾ ਹੋਇਆ। ਚੰਡੀਗੜ੍ਹ ਪੁਲਸ ਵਰਨਿਕਾ ਕੁੰਡੂ ਦੇ ਮਾਮਲੇ ਨੂੰ ਵੂਮੈਨਜ਼ ਐਂਡ ਚਾਇਲਡ ਸਪੈਸ਼ਲ ਕੋਰਟ 'ਚ ਟ੍ਰਾਂਸਫਰ ਕਰਨ ਦੀ ਮੰਗ ਕਰ ਰਹੀ ਸੀ ਪਰ ਜੱਜ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਇਸਦੇ ਬਾਅਦ ਸਰਕਾਰੀ ਵਕੀਲ ਨੇ ਸੈਸ਼ਨ ਜੱਜ ਦੀ ਅਦਾਲਤ 'ਚ ਕੇਸ ਟ੍ਰਾਂਸਫਰ ਦੀ ਅਰਜ਼ੀ ਦਾਇਰ ਕੀਤੀ। ਇਸਦੇ ਬਾਅਦ ਜ਼ਮਾਨਤ ਅਰਜ਼ੀ 'ਤੇ ਰੋਕ ਲੱਗ ਗਈ। ਜ਼ਮਾਨਤ ਅਰਜ਼ੀ 'ਤੇ 11 ਸਤੰਬਰ ਨੂੰ ਸੁਣਵਾਈ ਹੋਵੇਗੀ।
ਯੂ. ਟੀ. ਦੇ ਨੋਟੀਫਿਕੇਸ਼ਨ ਦੀ ਵੀ ਦਲੀਲ ਦਿੱਤੀ
ਮੁਲਜ਼ਮ ਵਿਕਾਸ ਬਰਾਲਾ ਤੇ ਉਸਦੇ ਦੋਸਤ ਆਸ਼ੀਸ਼ ਦੀ ਹੇਠਲੀ ਅਦਾਲਤ ਨੇ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਸੀ। ਬਚਾਅ ਪੱਖ ਦੇ ਵਕੀਲ ਸੂਰਿਆ ਪ੍ਰਕਾਸ਼ ਗਰਗ ਨੇ ਵਿਕਾਸ ਬਰਾਲਾ ਦੀ ਜ਼ਮਾਨਤ ਅਰਜ਼ੀ ਸੈਸ਼ਨ ਕੋਰਟ 'ਚ ਦਾਇਰ ਕੀਤੀ। ਸ਼ੁੱਕਰਵਾਰ ਨੂੰ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰਜਨੀਸ਼ ਕੁਮਾਰ ਸ਼ਰਮਾ ਦੀ ਕੋਰਟ 'ਚ ਸੁਣਵਾਈ ਹੋਈ। ਸੁਣਵਾਈ ਹੋਣ ਲੱਗੀ ਤਾਂ ਪੁਲਸ ਨੇ ਵਿਰੋਧ ਕਰਦਿਆਂ ਅਦਾਲਤ 'ਚ ਕਿਹਾ ਕਿ ਇਹ ਕੇਸ ਕ੍ਰਾਈਮ ਅਗੇਂਸਟ ਵੂਮੈਨ ਨਾਲ ਜੁੜਿਆ ਹੋਇਆ ਹੈ, ਇਸ ਲਈ ਮਾਮਲੇ ਦੀ ਸੁਣਵਾਈ ਮਹਿਲਾਵਾਂ ਨਾਲ ਜੁੜੀ ਸਪੈਸ਼ਲ ਕੋਰਟ 'ਚ ਹੋਣੀ ਚਾਹੀਦੀ ਹੈ। ਔਰਤਾਂ ਨਾਲ ਜੁੜੇ ਕੇਸ ਦੀ ਸੁਣਵਾਈ ਕ੍ਰਾਈਮ ਅਗੇਂਸਟ ਵੂਮੈਨ ਕੋਰਟ 'ਚ ਹੋਣ ਸਬੰਧੀ ਯੂ. ਟੀ. ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੋਇਆ ਹੈ।
ਅਦਾਲਤ ਨੇ ਪੁਲਸ ਦੀ ਇਕ ਨਾ ਸੁਣੀ ਤੇ ਵਿਕਾਸ ਬਰਾਲਾ ਦੇ ਵਕੀਲ ਸੂਰਿਆ ਪ੍ਰਕਾਸ਼ ਗਰਗ ਨੂੰ ਆਪਣਾ ਪੱਖ ਰੱਖਣ ਲਈ ਕਹਿਣ ਲੱਗੇ। ਸਰਕਾਰੀ ਵਕੀਲ ਨੇ ਵਿਰੋਧ ਜਤਾਇਆ ਤੇ ਕਿਹਾ ਕਿ ਇਹ ਨਿਯਮਾਂ ਦੇ ਖਿਲਾਫ ਹੈ। ਫਿਰ ਸਰਕਾਰੀ ਵਕੀਲ ਨੇ ਕੋਰਟ ਤੋਂ ਸਮਾਂ ਮੰਗਿਆ ਤੇ ਸੈਸ਼ਨ ਜੱਜ ਬਲਬੀਰ ਸਿੰਘ ਕੋਲ ਕੇਸ ਟ੍ਰਾਂਸਫਰ ਕਰਨ ਲਈ ਅਰਜ਼ੀ ਦਾਇਰ ਕੀਤੀ। ਸੈਸ਼ਨ ਜੱਜ ਦੇ ਦਖਲ ਦੇ ਬਾਅਦ ਵਿਕਾਸ ਬਰਾਲਾ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ 'ਤੇ 11 ਸਤੰਬਰ ਤਕ ਲਈ ਸਟੇਅ ਲਾ ਦਿੱਤੀ ਗਈ। ਹੁਣ 11 ਸਤੰਬਰ ਨੂੰ ਵਿਕਾਸ ਬਰਾਲਾ ਦੀ ਜ਼ਮਾਨਤ 'ਤੇ ਫੈਸਲਾ ਹੋਵੇਗਾ।
ਵਕੀਲ ਸੂਰਿਆ ਪ੍ਰਕਾਸ਼ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਦੀ ਰਾਤ ਤੋਂ ਹੁਣ ਤਕ ਦੀ ਸੈਕਟਰ-26 ਪੁਲਸ ਥਾਣੇ ਦੀ ਸੀ. ਸੀ. ਟੀ. ਵੀ. ਫੁਟੇਜ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਬਰਾਲਾ ਖਿਲਾਫ ਪੂਰੀ ਯੋਜਨਾ ਤਹਿਤ ਥਾਣੇ 'ਚ ਬੈਠ ਕੇ ਐੈੱਫ. ਆਈ. ਆਰ. ਦਰਜ ਕੀਤੀ ਗਈ ਹੈ।
