ਸਿੱਖਿਆ ਮੰਤਰੀ ਦੀ ਭੱਦੀ ਸ਼ਬਦਾਵਲੀ ਦੇ ਮਾਮਲੇ ''ਚ ''ਹੰਕਾਰ ਤੋੜੋ ਰੈਲੀ'' ਦਾ ਐਲਾਨ

12/09/2019 3:36:54 PM

ਚੰਡੀਗੜ੍ਹ (ਬਿਊਰੋ) : ਤਿੰਨ ਮਹੀਨਿਆਂ ਤੋਂ ਰੋਜ਼ਗਾਰ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਲਈ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਭੱਦੀ ਸ਼ਬਦਾਵਲੀ ਵਰਤਣ ਦਾ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਹੈ। ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ ''ਗ਼ਾਲ਼-ਮੰਤਰੀ'' ਐਲਾਨਿਆ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਿੱਖਿਆ ਮੰਤਰੀ ਸਿੱਖਿਆ ਮਸਲਿਆਂ ਨੂੰ ਹੱਲ ਕਰਨ 'ਚ ਨਾਕਾਮ ਰਹੇ ਹਨ। ਇਸ ਕਰ ਕੇ ਹੁਣ ਉਹ ਹੰਕਾਰ ਭਰੀ ਭੱਦੀ ਸ਼ਬਦਾਵਲੀ 'ਤੇ ਉਤਰ ਆਏ ਹਨ।

ਟੈੱਟ ਪਾਸ ਬੇਰੋਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਈ.ਟੀ.ਟੀ. ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ, ਮੀਤ ਪ੍ਰਧਾਨ ਸੰਦੀਪ ਸਾਮਾ ਨੇ ਦੱਸਿਆ ਕਿ 15 ਦਸੰਬਰ ਨੂੰ ਮੁੜ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਵਿਜੇ ਇੰਦਰ ਸਿੰਗਲਾ ਸ਼ਨੀਵਾਰ ਨੂੰ ਕੁਝ ਅਜਿਹਾ ਕਰ ਗਏ ਕਿ ਜਿਸ ਨੂੰ ਵੇਖ ਅਤੇ ਸੁਣ ਕੇ ਸਾਰੇ ਹੀ ਹੈਰਾਨ ਰਹਿ ਗਏ। ਬਰਨਾਲਾ 'ਚ ਨਿੱਜੀ ਸਕੂਲ ਦੇ ਸਮਾਗਮ 'ਚ ਹਿੱਸਾ ਲੈਣ ਗਏ ਸਿੱਖਿਆ ਮੰਤਰੀ ਆਪਣੇ ਰਾਹ 'ਚ ਬੇਰੁਜ਼ਗਾਰ ਅਧਿਆਪਕਾਂ ਦਾ ਪ੍ਰਦਰਸ਼ਨ ਵੇਖ ਅੱਗ ਬਬੂਲਾ ਹੋ ਗਏ। ਇਸ ਦੌਰਾਨ ਸਿੱਖਿਆ ਮੰਤਰੀ ਵਲੋਂ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਕੇ ਪ੍ਰਦਰਸ਼ਕਾਰੀਆਂ ਖਿਲਾਫ ਸਖ਼ਤੀ ਕਰਨ ਦੇ ਹੁਕਮ ਵੀ ਦਿੱਤੇ ਸਨ।


Anuradha

Content Editor

Related News