''ਅਧਿਆਪਕ ਦਿਵਸ'' ਦੀ ਸਿੱਖਿਆ ਮੰਤਰੀ ਵਲੋਂ ਵਧਾਈ, ਹੋਵੇਗਾ ਸਨਮਾਨ ਸਮਾਰੋਹ

Thursday, Sep 05, 2019 - 09:25 AM (IST)

''ਅਧਿਆਪਕ ਦਿਵਸ'' ਦੀ ਸਿੱਖਿਆ ਮੰਤਰੀ ਵਲੋਂ ਵਧਾਈ, ਹੋਵੇਗਾ ਸਨਮਾਨ ਸਮਾਰੋਹ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ 'ਅਧਿਆਪਕ ਦਿਵਸ' ਮੌਕੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਦਿੱਤੇ ਜਾਣ ਵਾਲੇ ਸੂਬਾ ਪੱਧਰੀ ਐਵਾਰਡਾਂ ਵਾਸਤੇ ਅਧਿਆਪਕਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਐਵਾਰਡ 5 ਸਤੰਬਰ ਨੂੰ ਮੋਹਾਲੀ 'ਚ ਹੋਣ ਵਾਲੇ ਸੂਬਾ ਪੱਧਰੀ ਸਮਾਰੋਹ ਦੌਰਾਨ ਦਿੱਤੇ ਜਾਣਗੇ। ਇਸ ਮੌਕੇ ਸਿੱਖਿਆ ਮੰਤਰੀ ਵਲੋਂ 51 ਅਧਿਆਪਕਾਂ ਨੂੰ ਸਟੇਟ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ 17 ਅਧਿਆਪਕਾਂ ਨੂੰ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਜਾਵੇਗਾ।

'ਅਧਿਆਪਕ ਦਿਵਸ' ਮੌਕੇ ਆਪਣੇ ਸੰਦੇਸ਼ 'ਚ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਦਿਵਸ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵ. ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਵਸ ਮੌਕੇ ਮਨਾਇਆ ਜਾਂਦਾ ਹੈ, ਜੋ ਕਿ ਉੱਘੇ ਸਿੱਖਿਆ ਮਾਹਿਰ ਅਤੇ ਮਹਾਨ ਦਰਸ਼ਨ ਸ਼ਾਸਤਰੀ ਸਨ। ਸਿੰਗਲਾ ਨੇ ਇਸ ਮੌਕੇ ਵਿਦਿਆਰਥੀਆਂ, ਖਾਸ ਕਰਕੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਦੀ ਤਕਦੀਰ ਬਦਲਣ ਅਤੇ ਉਨ੍ਹਾਂ 'ਚ ਰਾਸ਼ਟਰਵਾਦ ਦੀ ਭਾਵਨਾ ਅਤੇ ਕਦਰਾਂ-ਕੀਮਤਾਂ ਪੈਦਾ ਕਰਨ ਲਈ ਅਧਿਆਪਕਾਂ ਨੂੰ ਆਪਣੀ ਭੂਮਿਕਾ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਧਿਆਪਕ ਹਮੇਸ਼ਾ ਹੀ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਹੁੰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਚੁਣੌਤੀਆਂ ਪੇਸ਼ ਆਉਂਦੀਆਂ ਹਨ ਤਾਂ ਉਹ ਉਨ੍ਹਾਂ ਤੋਂ ਅਗਵਾਈ ਲੈਂਦੇ ਹਨ ਅਤੇ ਅਧਿਆਪਕ ਹੀ ਦੇਸ਼ ਦੇ ਰੌਸ਼ਨ ਭਵਿੱਖ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਅਧਿਆਪਕਾਂ ਨੂੰ ਵਿਦਿਆਰਥੀਆਂ 'ਚ ਅਨੁਸ਼ਾਸਨ, ਸੱਚਾਈ, ਦਿਆਨਤਦਾਰੀ, ਅਖੰਡਤਾ, ਸਮਰਪਣ ਅਤੇ ਉੱਚ ਆਚਰਣ ਦੇ ਗੁਣ ਪੈਦਾ ਕਰਨ ਲਈ ਜ਼ੋਰ ਦਿੱਤਾ ਤਾਂ ਜੋ ਵਿਦਿਆਰਥੀ ਸਮਾਜ ਦੇ ਵਧੀਆ ਨਾਗਰਿਕ ਬਣ ਸਕਣ।


author

Babita

Content Editor

Related News