ਵਿਜੀਲੈਂਸ ਨੇ ਪੰਚਾਇਤੀ ਫੰਡਾਂ ’ਚ ਕਰੋੜਾਂ ਦੀ ਹੇਰਾਫੇਰੀ ਕਰਨ ’ਤੇ ਮਹਿਲਾ ਸਰਪੰਚ ਨੂੰ ਕੀਤਾ ਗ੍ਰਿਫ਼ਤਾਰ
Tuesday, Aug 09, 2022 - 07:57 PM (IST)
ਚੰਡੀਗੜ੍ਹ (ਬਿਊਰੋ) : ਸੂਬੇ ’ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਮਕਸਦ ਨਾਲ ਚਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਪਿੰਡ ’ਚ ਵਿਕਾਸ ਕਾਰਜਾਂ ਦੇ ਨਾਂ ’ਤੇ ਪੰਚਾਇਤੀ ਫੰਡਾਂ ’ਚ 12.24 ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅੱਜ ਇਥੇ ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਪੰਚਾਇਤੀ ਫੰਡਾਂ ’ਚ ਵੱਖ-ਵੱਖ ਦੋਸ਼ੀਆਂ ਵੱਲੋਂ ਕੀਤੇ ਘਪਲੇ ਦੀ ਜਾਂਚ ਲਈ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਆਈ. ਪੀ. ਸੀ. ਦੀ ਧਾਰਾ 406, 420, 409, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਤਹਿਤ ਐੱਫ.ਆਈ.ਆਰ. ਨੰਬਰ 12 ਮਿਤੀ 26.05.2022 ਦਰਜ ਕੀਤੀ ਹੋਈ ਹੈ, ਜਿਸ ਦੀ ਡੂੰਘਾਈ ਨਾਲ ਪੜਤਾਲ ਜਾਰੀ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ਰਾਜਾ ਵੜਿੰਗ ਨੇ ਖੇਮਕਰਨ ਤੋਂ ਤਿਰੰਗਾ ਯਾਤਰਾ ਕੀਤੀ ਸ਼ੁਰੂ
ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਪੁੱਡਾ ਅਥਾਰਟੀ ਨੇ ਅੰਮ੍ਰਿਤਸਰ-ਕੋਲਕਾਤਾ ਏਕੀਕ੍ਰਿਤ ਕਾਰੀਡੋਰ ਦੀ ਉਸਾਰੀ ਲਈ 5 ਵੱਖ-ਵੱਖ ਪਿੰਡਾਂ ਦੀ 1104 ਏਕੜ ਸ਼ਾਮਲਾਤ ਜ਼ਮੀਨ ਐਕੁਆਇਰ ਕੀਤੀ ਸੀ। ਇਸ ਸਬੰਧੀ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਲਾਕ ਦੇ 5 ਪਿੰਡਾਂ ਪੱਬਰਾ, ਤਖਤੂ ਮਾਜਰਾ, ਸੇਹਰਾ, ਸੇਹਰੀ ਅਤੇ ਆਕੜੀ ਨੂੰ ਕੁਲ 285 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕੁਲ ਰਾਸ਼ੀ ’ਚੋਂ ਗ੍ਰਾਮ ਪੰਚਾਇਤ ਆਕੜੀ ਨੂੰ ਐਕੁਆਇਰ ਕੀਤੀ ਗਈ 183 ਏਕੜ 12 ਮਰਲੇ ਜ਼ਮੀਨ ਬਦਲੇ ਤਕਰੀਬਨ 51 ਕਰੋੜ ਰੁਪਏ ਮਿਲੇ ਸਨ। ਵਿਜੀਲੈਂਸ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਰਪੰਚ ਹਰਜੀਤ ਕੌਰ ਨੇ ਉਪਰੋਕਤ ਫੰਡਾਂ ਦੀ ਵਰਤੋਂ ਕਰਕੇ ਪਿੰਡ ’ਚ ਵਿਕਾਸ ਕਾਰਜ ਸ਼ੁਰੂ ਕਰਵਾਏ ਪਰ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਇਨ੍ਹਾਂ ਕੰਮਾਂ ਦੀ ਫਿਜ਼ੀਕਲ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਹਰਜੀਤ ਕੌਰ ਵੱਲੋਂ ਪਿੰਡ ਦੇ ਛੱਪੜ, ਕਮਿਊਨਿਟੀ ਸੈਂਟਰ, ਸ਼ਮਸ਼ਾਨਘਾਟ, ਪੰਚਾਇਤ ਘਰ ਅਤੇ ਨਾਲੇ ਦੇ ਪਟੜੀ ਦੀ ਫਰਜ਼ੀ ਉਸਾਰੀ ਦੇ ਨਾਂ ਹੇਠ ਗ੍ਰਾਮ ਪੰਚਾਇਤ ਦੇ ਜਾਅਲੀ ਮਤੇ ਪਾਸ ਕਰਕੇ ਫੰਡਾਂ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੰਮਾਂ ਨੂੰ ਸਹੀ ਸਾਬਤ ਕਰਨ ਲਈ ਉਸ ਨੇ ਵੱਖ-ਵੱਖ ਫਰਮਾਂ ਨੂੰ ਇਨ੍ਹਾਂ ਕੰਮਾਂ ਲਈ ਚੈੱਕਾਂ ਰਾਹੀਂ ਭੁਗਤਾਨ ਕੀਤਾ।
ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਬਿਜਲੀ ਰੈਗੂਲੇਟਰੀ ਬਿੱਲ ਨੂੰ ਲੈ ਕੇ ਕੇਂਦਰ ’ਤੇ ਵਿੰਨ੍ਹੇ ਨਿਸ਼ਾਨੇ, ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ
ਬੁਲਾਰੇ ਨੇ ਖ਼ੁਲਾਸਾ ਕੀਤਾ ਕਿ ਵਿਜੀਲੈਂਸ ਜਾਂਚ ਤੋਂ ਇਲਾਵਾ ਪੰਚਾਇਤ ਫੰਡਾਂ ਦੀ ਵਰਤੋਂ ਨਾਲ ਇਸ ਪਿੰਡ ਦੇ ਵਿਕਾਸ ਕਾਰਜਾਂ ਸਬੰਧੀ ਇਕ ਹੋਰ ਵਿਭਾਗੀ ਜਾਂਚ ਵਧੀਕ ਮੁੱਖ ਸਕੱਤਰ-ਕਮ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ, ਐੱਸ. ਏ. ਐੱਸ. ਨਗਰ ਵੱਲੋਂ ਮੁਕੰਮਲ ਕੀਤੀ ਗਈ ਹੈ। ਵਿਭਾਗੀ ਜਾਂਚ ’ਚ ਪਤਾ ਲੱਗਾ ਹੈ ਕਿ ਪਿੰਡ ਆਕੜੀ ’ਚ ਸਰਪੰਚ ਹਰਜੀਤ ਕੌਰ ਵੱਲੋਂ ਵਿਕਾਸ ਕਾਰਜਾਂ ’ਚ 12.24 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ। ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : PAU ’ਚ ਚਾਂਸਲਰ ਸਣੇ ਸਿਖ਼ਰਲੀਆਂ ਖਾਲੀ ਪੋਸਟਾਂ ਨੂੰ ਲੈ ਕੇ ਅਕਾਲੀ ਦਲ ਨੇ ਘੇਰੀ ‘ਆਪ’ ਸਰਕਾਰ