ਸਿਆਸੀ ਮਾਹੌਲ ਗਰਮਾਉਣ ਦੇ ਨਾਲ ਹੀ ਮੌਸਮ ਦੇ ਮਿਜਾਜ਼ ’ਚ ਵੀ ਆਉਣ ਲੱਗੀ ਗਰਮੀ

Sunday, Jan 30, 2022 - 03:25 PM (IST)

ਲੁਧਿਆਣਾ (ਸਲੂਜਾ) : ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵੋਟਾਂ ਦਾ ਦਿਨ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਸਿਆਸੀ ਮਾਹੌਲ ਗਰਮਾਉਣ ਲੱਗਾ ਹੈ। ਇਸੇ ਦੇ ਨਾਲ ਮੌਸਮ ਦੇ ਮਿਜਾਜ਼ ’ਚ ਵੀ ਦਿਨੋਂ-ਦਿਨ ਗਰਮੀ ਆਉਣ ਲੱਗੀ ਹੈ। ਲੁਧਿਆਣਾ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਖਿੜਖਿੜਾਉਂਦੀ ਧੁੱਪ ਨਿਕਲਣ ਨਾਲ ਮਨੁੱਖਾਂ ਦੇ ਨਾਲ ਪਸ਼ੂ ਜਾਤੀ ਨੂੰ ਵੀ ਭਾਰੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਸੀਤ ਲਹਿਰ ਦਾ ਇੰਨਾ ਦਬਦਬਾ ਸੀ ਕਿ ਕੋਈ ਵੀ ਵਿਅਕਤੀ ਘਰੋਂ ਬਾਹਰ ਨਿਕਲਣ ਤੋਂ ਘਬਰਾ ਰਿਹਾ ਸੀ।

ਪਰਿਵਾਰ ਵਾਲਿਆਂ ਨੂੰ ਆਪਣੇ ਘਰ ਦੇ ਬਜ਼ੁਰਗਾਂ ਅਤੇ ਬੱਚਿਆਂ ਦੀ ਸੰਭਾਲ ਦੇ ਨਾਲ ਹੀ ਆਪਣੇ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਮੌਸਮ ਦਾ ਮਿਜਾਜ਼ ਬਦਲਦੇ ਹੀ ਬਜ਼ਾਰਾਂ ਵਿਚ ਰੌਣਕ ਪਰਤ ਆਈ ਹੈ, ਜਿਸ ਨਾਲ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਇਕ ਵਾਰ ਫਿਰ ਰੌਣਕ ਪਰਤਣ ਲੱਗੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਤਾਪਮਾਨ ਦਾ ਪਾਰਾ 5.8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਪਾਰਾ 20.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮੌਸਮ ਦਾ ਮਿਜਾਜ਼ ਠੰਡਾ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
 


Babita

Content Editor

Related News