ਸਾਰਿਆਂ ਨੇ ਨਹੀਂ ਸੁਣੀ ਤਾਂ ਫਰਿਆਦ ਲੈ ਕੇ ਕਿਸਾਨ ਪੁੱਜਾ ਪਟਿਆਲੇ
Thursday, Dec 13, 2018 - 03:44 PM (IST)

ਪਟਿਆਲਾ/ਰੱਖੜਾ (ਰਾਣਾ)—ਇਕ ਪਾਸੇ ਸੂਬੇ ਅੰਦਰ ਦਰਮਿਆਨਾ ਤੇ ਛੋਟਾ ਕਿਸਾਨ ਕਰਜ਼ੇ ਦੀ ਮਾਰ ਝੱਲ ਰਿਹਾ ਹੈ। ਦੂਜੇ ਪਾਸੇ ਜੋ ਕਿਸਾਨ ਬਦਲਵੀਂ ਖੇਤੀ ਕਰ ਕੇ ਆਪਣੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦੀਆਂ ਖੜ੍ਹੀਆਂ ਫਸਲਾਂ ਅੱਗ ਦੀ ਭੇਟ ਚੜ੍ਹ ਜਾਂਦੀਆਂ ਹਨ। ਹੜ੍ਹਾਂ ਜਾਂ ਗੜੇਮਾਰੀ ਦੀ ਮਾਰ ਹੇਠ ਆ ਜਾਣ ਕਾਰਨ ਕਿਸਾਨਾਂ ਦਾ ਲੱਕ ਟੁੱਟ ਜਾਂਦਾ ਹੈ। ਇਸੇ ਤਰ੍ਹਾਂ ਦੀ ਦਾਸਤਾਨ ਪਿੰਡ ਰੋਹਟੀ ਮੋੜਾਂ ਦੇ ਕਿਸਾਨ ਦੌਲਤ ਸਿੰਘ ਦੀ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਅਕਤੂਬਰ ਮਹੀਨੇ ਪਰਾਲੀ ਸਾੜਨ ਮੌਕੇ ਜਾਣ-ਬੁੱਝ ਕੇ ਕਮਾਦ ਨੂੰ ਅੱਗ ਲਾ ਦਿੱਤੀ। ਇਨਸਾਫ ਲਈ ਦੌਲਤ ਸਿੰਘ ਨੇ ਐੱਸ. ਐੱਸ. ਪੀ. ਪਟਿਆਲਾ ਨੂੰ ਇਨਸਾਫ ਦੀ ਗੁਹਾਰ ਲਾਈ ਹੈ। ਇਹ ਸਮੁੱਚਾ ਮਾਮਲਾ ਐੱਸ. ਪੀ. (ਡੀ.) ਮਨਜੀਤ ਸਿੰਘ ਬਰਾੜ ਕੋਲ ਪਹੁੰਚਿਆ ਤਾਂ ਉਨ੍ਹਾਂ ਸਦਰ ਨਾਭਾ ਨੂੰ ਸਮੁੱਚੇ ਮਾਮਲੇ ਦੀ ਪੜਤਾਲ ਕਰਨ ਲਈ ਭੇਜ ਦਿੱਤਾ। ਦੌਲਤ ਸਿੰਘ ਨੇ ਕਿਹਾ ਕਿ ਮੈਨੂੰ ਇਨਸਾਫ ਲੈਣ ਲਈ ਤਿੰਨ ਮਹੀਨੇ ਵੱਖ-ਵੱਖ ਦਫਤਰਾਂ ਦੇ ਚੱਕਰ ਕਟਦੇ ਨੂੰ ਹੋ ਗਏ ਹਨ।
ਹਾਲੇ ਤੱਕ ਇਨਸਾਫ ਮਿਲਣ ਦੀ ਕੋਈ ਆਸ ਨਹੀਂ। ਉਨ੍ਹਾਂ ਕਿਹਾ ਕਿ ਇਸ ਸਮੁੱਚੇ ਮਾਮਲੇ ਸਬੰਧੀ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਪੀ. ਐੱਸ. ਪੀ. ਸੀ. ਐੱਲ. ਨੂੰ ਵੀ ਪੱਤਰ ਦਿੱਤੇ ਸਨ। ਇਸ ਦੀ ਸਮੁੱਚੀ ਪੜਤਾਲ ਐੱਸ. ਡੀ. ਐੱਮ. ਨਾਭਾ ਵੱਲੋਂ ਵੀ ਕੀਤੀ ਗਈ ਸੀ। ਮਾਮਲਾ ਉਥੇ ਦਾ ਉਥੇ ਹੀ ਲਮਕਿਆ ਹੋਇਆ ਹੈ। ਜਲਦ ਇਨਸਾਫ ਲੈਣ ਲਈ ਉਹ ਆਈ. ਜੀ. ਪਟਿਆਲਾ ਏ. ਐੱਸ. ਰਾਏ ਨੂੰ ਮਿਲ ਕੇ ਸਾਰੀ ਵਿੱਥਿਆ ਸੁਣਾਉਣਗੇ। ਇਨਸਾਫ ਵਿਚ ਦੇਰੀ ਲਈ ਜ਼ਿੰਮੇਵਾਰ ਅਫਸਰਾਂ ਖਿਲਾਫ ਕਾਰਵਾਈ ਦੀ ਮੰਗ ਕਰਨਗੇ।
ਕੀ ਕਹਿੰਦੇ ਹਨ ਐੱਸ.ਪੀ. (ਡੀ) ਬਰਾੜ
ਇਸ ਮਾਮਲੇ ਸਬੰਧੀ ਜਦੋਂ ਪਟਿਆਲਾ ਦੇ ਐੱਸ.ਪੀ.ਡੀ. ਪਟਿਆਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੜਤਾਲ ਨਾਭਾ ਸਦਰ ਦੇ ਐੱਸ.ਐੱਚ.ਓ. ਨੂੰ ਸੌਂਪੀ ਗਈ ਹੈ। ਪੀੜਤ ਨੂੰ ਜਲਦ ਇਨਸਾਫ ਦਿਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਮਾਮਲਾ ਐੱਸ.ਡੀ.ਐੱਮ. ਕੋਲ
ਸਦਰ ਨਾਭਾ ਦੇ ਐੱਸ.ਐੱਚ.ਓ. ਨਾਲ ਗੰਨੇ ਨੂੰ ਅੱਗ ਲੱਗਣ ਦੇ ਮਾਮਲੇ ਸਬੰਧੀ ਜਦੋਂ ਗੱੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮਾਣਯੋਗ ਐੱਸ.ਡੀ.ਐੱਮ. ਨਾਭਾ ਕੋਲ ਹੈ।