ਹਲਕੇ ਦੇ ਪਸ਼ੂ ਹਸਪਤਾਲ ਡਾਕਟਰਾਂ ਤੋਂ ਵਾਂਝੇ

Sunday, Feb 18, 2018 - 03:58 AM (IST)

ਹਲਕੇ ਦੇ ਪਸ਼ੂ ਹਸਪਤਾਲ ਡਾਕਟਰਾਂ ਤੋਂ ਵਾਂਝੇ

ਟਾਂਡਾ, (ਜਸਵਿੰਦਰ, ਮੋਮੀ)- ਚਿੱਟਾ ਇਨਕਲਾਬ ਲਿਆਉਣ ਲਈ ਜਿਥੇ ਮੌਕੇ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਸਰਕਾਰ ਦੇ ਪ੍ਰਚਾਰਾਂ ਦੀ ਫੂਕ ਉਸ ਸਮੇਂ ਨਿਕਲਦੀ ਦਿਖਾਈ ਦਿੰਦੀ ਹੈ ਜਦੋਂ ਹਲਕੇ ਦੇ ਪਸ਼ੂ ਹਸਪਤਾਲਾਂ ਤੇ ਡਿਸਪੈਂਸਰੀਆਂ ਵੱਲ ਝਾਤੀ ਮਾਰੀਏ। ਇਹ ਕੇਂਦਰ ਡਾਕਟਰਾਂ, ਫਾਰਮਾਸਿਸਟਾਂ ਅਤੇ ਸੇਵਾਦਾਰਾਂ ਤੋਂ ਵੀ ਵਾਂਝੇ ਹਨ। ਲੋਕਾਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਭਾਰੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। 
ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਸ਼ੂ ਹਸਪਤਾਲ ਟਾਂਡਾ ਜੋ ਕਿ ਹਲਕੇ ਦਾ ਸਭ ਤੋਂ ਮਹੱਤਵਪੂਰਨ ਤੇ ਵਧੀਆ ਹਸਪਤਾਲ ਹੈ, ਵਿਚ ਪਿਛਲੇ ਕਾਫੀ ਸਮੇਂ ਤੋਂ ਡਾਕਟਰ ਅਤੇ ਫਾਰਮਾਸਿਸਟ ਦੀ ਪੋਸਟ ਖਾਲੀ ਹੈ। ਇਸ ਤੋਂ ਇਲਾਵਾ ਪਸ਼ੂ ਹਸਪਤਾਲ ਘੋੜੇਵਾਹਾ 'ਚ ਵੀ ਦੋਵੇਂ ਪੋਸਟਾਂ ਖਾਲੀ ਹਨ। ਇਸ ਦੇ ਨਾਲ ਹੀ ਜੇਕਰ ਪਸ਼ੂ ਡਿਸਪੈਂਸਰੀਆਂ 'ਤੇ ਝਾਤੀ ਮਾਰੀ ਜਾਵੇ ਤਾਂ ਪਸ਼ੂ ਡਿਸਪੈਂਸਰੀ ਮੂਨਕਾਂ, ਜਹੂਰਾ, ਹਰਸੀਪਿੰਡ ਤੇ ਤਲਵੰਡੀ ਵਿਖੇ ਸੇਵਾਦਾਰ ਵੀ ਨਹੀਂ ਹੈ, ਜਿਥੇ ਸਟਾਫ਼ ਦੀ ਅਣਹੋਂਦ ਕਾਰਨ ਤਾਲੇ ਲੱਗੇ ਹੋਏ ਹਨ। ਇਸੇ ਤਰ੍ਹਾਂ ਇਲਾਕੇ ਦੇ ਪਿੰਡ ਕੰਧਾਲਾ ਸ਼ੇਖਾਂ ਅਤੇ ਖੁਣਖੁਣ ਕਲਾਂ ਵਿਖੇ ਵੀ ਪਸ਼ੂ ਹਸਪਤਾਲ ਡਾਕਟਰਾਂ ਤੋਂ ਵਾਂਝੇ ਚੱਲ ਰਹੇ ਹਨ ਅਤੇ ਲੋਕ ਫਾਰਮਾਸਿਸਟ ਨੂੰ ਹੀ ਡਾਕਟਰ ਮੰਨਣ ਲਈ ਮਜਬੂਰ ਹਨ। ਕੁਲ ਮਿਲਾ ਕੇ ਇਲਾਕੇ ਦੇ ਪਿੰਡਾਂ ਦੇ ਨਾਲ-ਨਾਲ ਮੁੱਖ ਹਸਪਤਾਲਾਂ 'ਚ ਪਸ਼ੂਆਂ ਦੇ ਡਾਕਟਰ ਤੇ ਫਾਰਮਾਸਿਸਟ ਨਹੀਂ ਹਨ ਜਿਸ ਕਾਰਨ  ਸਰਕਾਰ ਦੇ ਚਿੱਟਾ ਇਨਕਲਾਬ ਲਿਆਉਣ ਦੇ ਨਾਅਰੇ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। 
ਕੀ ਕਹਿਣਾ ਹੈ ਸੀਨੀਅਰ ਵੈਟਰਨਰੀ ਅਫ਼ਸਰ ਦਾ? : ਇਸ ਸਬੰਧ 'ਚ ਜਦੋਂ ਸੀਨੀਅਰ ਵੈਟਰਨਰੀ ਅਫ਼ਸਰ ਡਾ. ਬੀ. ਐੱਸ. ਟੰਡਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਾਲੀ ਡਿਸਪੈਂਸਰੀਆਂ 'ਚ ਦੋ-ਦੋ ਘੰਟੇ ਦਾ ਚਾਰਜ ਦਿੱਤਾ ਹੋਇਆ ਹੈ, ਜਿਸ ਸਬੰਧੀ ਡਾਇਰੈਕਟਰ ਪਸ਼ੂ ਵਿਭਾਗ ਨੂੰ ਪ੍ਰਪੋਜ਼ਲ ਬਣਾ ਕੇ ਭੇਜੀ ਗਈ ਹੈ। 
ਜ਼ਿਕਰਯੋਗ ਹੈ ਕਿ ਜਿਸ ਥਾਂ ਤੋਂ ਡਾਕਟਰਾਂ ਜਾਂ ਫਾਰਮਾਸਿਸਟਾਂ ਨੂੰ ਖਾਲੀ ਪੋਸਟਾਂ 'ਤੇ ਭੇਜਿਆ ਜਾ ਰਿਹਾ ਹੈ, ਉਥੇ ਤਾਂ ਉਹ ਆਪਣਾ ਕੰਮ ਵੀ ਪੂਰਾ ਨਹੀਂ ਕਰਦੇ।


Related News