ਪੰਜਾਬ : ਇਨ੍ਹਾਂ ਵਾਹਨਾਂ 'ਤੇ ਹੋ ਗਈ ਸਖ਼ਤ ਕਾਰਵਾਈ, ਧੜਾ-ਧੜ ਕੱਟੇ ਚਲਾਨ
Saturday, Sep 12, 2026 - 02:28 PM (IST)
ਬਨੂੜ (ਗੁਰਪਾਲ) : ਟ੍ਰੈਫਿਕ ਪੁਲਸ ਬਨੂੜ ਵੱਲੋਂ ਬਿਨਾਂ ਤਰਪਾਲ ਮਿੱਟੀ ਨਾਲ ਭਰੇ ਦਰਜਨ ਟਿੱਪਰਾਂ ਦੇ ਚਲਾਨ ਕੱਟੇ ਗਏ। ਟ੍ਰੈਫਿਕ ਇੰਚਾਰਜ ਬਨੂੜ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ’ਚੋਂ ਮਿੱਟੀ ਨਾਲ ਭਰੇ ਟਿੱਪਰ, ਜੋ ਕਿ ਬਿਨਾਂ ਤਰਪਾਲ ਤੋਂ ਲੰਘ ਰਹੇ ਸਨ, ਨੂੰ ਟ੍ਰੈਫਿਕ ਪੁਲਸ ਵੱਲੋਂ ਬੈਰੀਅਰ ਨੇੜੇ ਵਿਸ਼ੇਸ਼ ਨਾਕਾ ਲਾਇਆ ਗਿਆ ਅਤੇ ਮਿੱਟੀ ਨਾਲ ਭਰੇ ਦਰਜ਼ਨ ਟਿੱਪਰਾਂ ਜਿਨ੍ਹਾਂ ਨੇ ਬਿਨਾਂ ਤਰਪਾਲ ਪਾਏ ਮਿੱਟੀ ਲੈ ਕੇ ਜਾ ਰਹੇ ਸਨ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਉਨ੍ਹਾਂ ਟਿੱਪਰਾਂ ਦੇ ਚਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਮਿੱਟੀ ਨਾਲ ਭਰੇ ਟਿੱਪਰਾਂ ਨੂੰ ਤਰਪਾਲ ਨਾਲ ਢੱਕ ਕੇ ਲੰਘਿਆ ਜਾਵੇ, ਕਿਉਂਕਿ ਟਿੱਪਰਾਂ ’ਚੋਂ ਮਿੱਟੀ ਉੱਡਣ ਨਾਲ ਦੋ ਪਹੀਆ ਵਾਹਨ ਚਾਲਕ, ਸੜਕਾਂ ਤੋਂ ਗੁਜਰਨ ਵਾਲੇ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੈਫਿਕ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਬਿਨਾਂ ਤਰਪਾਲ ਪਾਏ ਮਿੱਟੀ ਲੈ ਕੇ ਜਾਣ ਵਾਲੇ ਟਿੱਪਰਾਂ ’ਚੋਂ ਮਿੱਟੀ ਉੱਡਦੀ ਹੈ, ਜਿਸ ਨਾਲ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਟਿੱਪਰਾਂ ਦੇ ਚਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਉਨ੍ਹਾਂ ਨੇ ਮਿੱਟੀ ਨੂੰ ਤਰਪਾਲ ਨਾਲ ਨਾ ਢਕਿਆ ਤਾਂ ਇਨ੍ਹਾਂ ਟਿੱਪਰਾਂ ਨੂੰ ਥਾਣੇ ’ਚ ਬੰਦ ਕੀਤਾ ਜਾਵੇਗਾ। ਇਸ ਮੌਕੇ ਏ. ਐੱਸ. ਆਈ. ਰਣਧੀਰ ਸਿੰਘ ਮੋਹੀ, ਸ਼ਰਨਜੀਤ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਟ੍ਰੈਫਿਕ ਪੁਲਸ ਬਨੂੜ ਦੇ ਹੋਰ ਕਰਮਚਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ : ਵਾਹਨਾਂ ਦੀ ਖਰੀਦੋ-ਫਰੋਖਤ ਲਈ ਨਵੀਂ ਪ੍ਰਕਿਰਿਆ ਲਾਗੂ, ਜਾਰੀ ਹੋਏ ਹੁਕਮ
ਮਹਿਤਪੁਰ (ਚੋਪੜਾ) : ਮਹਿਤਪੁਰ ਸ਼ਹਿਰ ’ਚ ਬਿਨਾਂ ਨੰਬਰੀ ਮੋਟਰਸਾਈਕਲਾਂ ’ਤੇ ਹੁਲੱੜਬਾਜ਼ੀ ਕਰਨ ਵਾਲੇ ਗਿਰੋਹ ਤੋਂ ਲੋਕ ਬਹੁਤ ਪ੍ਰੇਸ਼ਾਨ ਸਨ। ਜਗ ਬਾਣੀ ਵੱਲੋਂ ਬੁੱਧਵਾਰ ਨੂੰ ਸ਼ਹਿਰ ਵਾਸੀਆਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ, ਜਿਸ ’ਤੇ ਤਰੁੰਤ ਅਮਲ ਕਰਦਿਆਂ ਥਾਣਾ ਮੁਖੀ ਲਾਭ ਸਿੰਘ ਵੱਲੋਂ ਸ਼ਹਿਰ ਵਿਚ ਨਾਕੇਬੰਦੀ ਕਰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਹੁੱਲੜਬਾਜ਼ਾਂ ਨੂੰ ਸਬਕ ਸਖਾਉਣ ਲਈ ਨੌ ਬਿਨਾਂ ਨੰਬਰੀ ਵਾਹਨਾਂ ਨੂੰ ਬੰਦ ਕੀਤਾ ਤੇ ਟ੍ਰੈਫਿਕ ਨਿਯਮਾ ਦੀ ਉਲਾਘਣਾ ਕਰਨ ਵਾਲੇ 18 ਵਿਆਕਤੀਆਂ ਦੇ ਚਲਾਨ ਕੀਤੇ। ਇਸ ਦੇ ਨਾਲ ਹੀ ਕੰਨਿਆ ਸਕੂਲ ਵਿਖੇ ਛੁੱਟੀ ਵੇਲੇ ਸਕੂਲ ਦੇ ਬਾਹਰ ਖੜ੍ਹੇ ਭੂੰਡ ਆਸ਼ਿਕਾਂ ’ਤੇ ਵੀ ਕਾਰਵਾਈ ਕੀਤੀ। ਇਸ ਮੌਕੇ ਥਾਣਾ ਮੁੱਖੀ ਨੇ ਦੱਸਿਆ ਕਿ ਮਹਿਤਪੁਰ ਪੁਲਸ ਵੱਲੋਂ 112 ਦੀ ਮਦਦ ਨਾਲ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ’ਤੇ ਕਾਰਵਾਈ ਕੀਤੀ ਹੈ, ਜੋ ਹੁਣ ਲਗਾਤਾਰ ਜਾਰੀ ਰਹੇਗੀ। ਥਾਣਾ ਮੁੱਖੀ ਨੇ ਬਿਨਾਂ ਨੰਬਰੀ ਵਾਹਨ ਚਾਲਕਾ, ਹੁੱਲੜਬਾਜ਼ਾਂ, ਬੁਲਟ ਦੇ ਪਟਾਕੇ ਪਵਾਉਣ ਵਾਲੇ ਤੇ ਬਿਨਾਂ ਮਤਲਬ ਕੰਨਿਆ ਸਕੂਲ ਮੂਹਰੇ ਖੜ੍ਹਨ ਵਾਲੇ ਭੂੰਡ ਆਸ਼ਿਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਹ ਕੰਮ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੋਹਾਲੀ (ਜਸਬੀਰ ਜੱਸੀ) : ਮੋਹਾਲੀ ਪੁਲਸ ਵਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਕਰਨੈਲ ਸਿੰਘ ਡੀ.ਐਸ.ਪੀ ਟਰੈਫਿਕ ਵਲੋਂ ਟਰੈਫਿਕ ਪੁਲਸ ਦੀ ਮੱਦਦ ਨਾਲ ਵੱਖ-ਵੱਖ ਪਾਰਟੀਆਂ ਬਣਾਕੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਵਾਹਨ ਚਾਲਕਾਂ ਵਿਰੁੱਧ ਟਰੈਫਿਕ ਨਿਯਮਾਂ ਤਹਿਤ ਕਾਰਵਾਈ ਕਰਦਿਆਂ ਕੁਲ 9 ਟਰੈਫਿਕ ਚਲਾਨ ਕੀਤੇ ਗਏ ੍ਟ ਇਸ ਮੌਕੇ ਡੀ.ਐਸ.ਪੀ ਕਰਨੈਲ ਸਿੰਘ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਦੇ ਵੀ ਸ਼ਰਾਬ ਪੀ ਕੇ ਆਪਣੇ ਵਾਹਨ ਦੀ ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਸ਼ਰਾਬ ਜਾਂ ਕਿਸੇ ਹੋਰ ਨਸ਼ੀਲੀ ਵਸਤੂ ਦਾ ਸੇਵਨ ਕਰਕੇ ਵਾਹਨ ਚਲਾਉਣ ਨਾਲ ਵਾਹਨ ਚਾਲਕ ਦੀ ਆਪਣੀ ਜਾਨ ਦੇ ਨਾਲ-ਨਾਲ ਸੜਕ ’ਤੇ ਚੱਲਣ ਵਾਲੇ ਹੋਰ ਲੋਕਾਂ ਦੀ ਜਾਨ ਨੂੰ ਵੀ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ । ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਸ਼ਰਾਬ ਪੀ ਕੇ ਵਾਹਨ ਚਲਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਮੋਟਰ ਵਹੀਕਲ ਐਕਟ ਦੀ ਧਾਰਾ 185 ਤਹਿਤ ਕਾਰਵਾਈ ਕੀਤੀ ਜਾਵੇਗੀ । ਇਸ ਧਾਰਾ ਤਹਿਤ ਪਹਿਲੀ ਵਾਰ ਉਲੰਘਣਾ ਕਰਨ ’ਤੇ ਉਲੰਘਣਾ ਕਰਨ ਵਾਲੇ ਵਾਹਨ ਚਾਲਕ ਨੂੰ 6 ਮਹੀਨੇ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ । ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਅਤੇ ਸ਼ਰਾਬ ਦਾ ਸੇਵਨ ਕਰਨ ਉਪਰੰਤ ਕਦੇ ਵੀ ਵਾਹਨ ਨਾ ਚਲਾਉਣ । ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
