ਅਮਰੀਕਾ ''ਚ ਪੇਸ਼ ਹੋਇਆ 550ਵੇਂ ਪ੍ਰਕਾਸ਼ ਪੁਰਬ ਨੂੰ ''ਵਿਸ਼ਵ ਬਰਾਬਰੀ ਦਿਵਸ'' ਐਲਾਨੇ ਜਾਣ ਦਾ ਮਤਾ

Sunday, Oct 20, 2019 - 10:47 AM (IST)

ਅਮਰੀਕਾ ''ਚ ਪੇਸ਼ ਹੋਇਆ 550ਵੇਂ ਪ੍ਰਕਾਸ਼ ਪੁਰਬ ਨੂੰ ''ਵਿਸ਼ਵ ਬਰਾਬਰੀ ਦਿਵਸ'' ਐਲਾਨੇ ਜਾਣ ਦਾ ਮਤਾ

ਚੰਡੀਗੜ੍ਹ (ਭੁੱਲਰ)—ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐੱਸ. ਸੀ. ਸੀ. ਈ. ਸੀ.) ਅਤੇ ਅਮਰੀਕੀ ਸਿੱਖ ਕੌਕਸ ਕਮੇਟੀ (ਏ. ਐੱਸ. ਸੀ. ਸੀ.) ਦੇ ਮਿਲੇ-ਜੁਲੇ ਯਤਨਾਂ ਸਦਕਾ ਯੂ. ਐੱਸ. ਸੈਨੇਟ ਅਤੇ ਪ੍ਰਤੀਨਿਧ ਸਭਾ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ 'ਵਿਸ਼ਵ ਬਰਾਬਰੀ ਦਿਵਸ' ਵਜੋਂ ਐਲਾਨਣ ਲਈ ਮਤਾ ਪੇਸ਼ ਕੀਤਾ। ਫਿਲਾਡੇਲਫੀਆ ਸਿੱਖ ਸੋਸਾਇਟੀ, ਮੈਲਬੋਰਨ ਗੁਰਦੁਆਰਾ ਦੇ ਗਿਆਨੀ ਸੁਖਵਿੰਦਰ ਸਿੰਘ, ਜਦੋਂ ਯੂ. ਐੱਸ. ਦੇ ਸੈਨੇਟ ਚੈਂਬਰ 'ਚ ਸਰਬੱਤ ਦੇ ਭਲੇ ਦੀ ਸਿੱਖ ਅਰਦਾਸ ਕਰ ਰਹੇ ਸਨ ਤਾਂ ਸੈਨੇਟ ਦੇ ਪ੍ਰੋ-ਟਰਮ-ਸੇਨੇਟਰ ਪੈਟਰਿਕ ਟੂਮੀ ਉਨ੍ਹਾਂ ਕੋਲ ਖੜ੍ਹੇ ਸਨ। ਅਮਰੀਕਾ ਦੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਬੁਲਾਰੇ ਹਰਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਅਮਰੀਕਾ 'ਚ 100 ਤੋਂ ਵੀ ਵੱਧ ਸਾਲਾਂ ਤੋਂ ਰਹਿ ਰਹੇ ਹਨ ਪਰ 16 ਅਕਤੂਬਰ ਦਾ ਦਿਨ ਸਿੱਖ ਧਰਮ ਲਈ ਇਤਿਹਾਸਕ ਦਿਨ ਬਣ ਗਿਆ। ਐੱਸ. ਸੀ. ਸੀ. ਈ. ਸੀ. ਦੇ ਕੋਆਰਡੀਨੇਟਰ ਹਿੰਮਤ ਸਿੰਘ ਵਲੋਂ ਜਾਰੀ ਬਿਆਨ ਅਨੁਸਾਰ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਸੈਨੇਟਰ ਟੂਮੀ ਨੇ ਸਿੱਖ ਧਰਮ ਪ੍ਰਤੀ ਆਪਣੀ ਸ਼ਰਧਾ ਭਾਵਨਾ ਪ੍ਰਗਟ ਕਰਦਿਆਂ ਅਮਰੀਕਾ 'ਚ ਅਮਰੀਕਨ ਸਿੱਖਾਂ ਦੇ ਵਿਸ਼ਾਲ ਯੋਗਦਾਨ ਬਾਰੇ ਦੱਸਿਆ।

ਉਨ੍ਹਾਂ ਗੁਰੂ ਨਾਨਕ ਦੇਵ ਜੀ ਵਲੋਂ 500 ਸਾਲ ਪਹਿਲਾਂ ਦਿੱਤੇ ਸਮੁੱਚੀ ਮਨੁੱਖਤਾ ਦੀ ਸਮਾਨਤਾ ਦੇ ਸਰਵ-ਵਿਆਪਕ ਸੰਦੇਸ਼ ਦੀ ਵੀ ਵਿਆਖਿਆ ਕੀਤੀ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 30 ਮਿਲੀਅਨ ਮਜ਼ਬੂਤ ਗਲੋਬਲ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ 12 ਨਵੰਬਰ ਨੂੰ 'ਵਿਸ਼ਵ ਬਰਾਬਰੀ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ। ਰਾਜ ਸਿੰਘ ਜੋ ਇਸ ਵਿਸ਼ੇਸ਼ ਮੌਕੇ 'ਤੇ ਉਤਰ-ਪੂਰਬੀ ਰਾਜਾਂ ਦੇ ਇਕ ਵੱਡੇ ਸਿੱਖ ਵਫਦ ਦੀ ਅਗਵਾਈ ਕਰ ਰਹੇ ਸਨ ਨੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਸਾਰੇ ਸੰਸਾਰ ਤੱਕ ਪਹੁੰਚਾਉਣ ਦਾ ਇਕ ਤਰੀਕਾ ਹੈ। ਡੈਲਵੇਅਰ ਕਾਉਂਟੀ ਪੈਨਸਿਲਵੇਨੀਆ 'ਚ ਪ੍ਰਤੀਨਿਧ ਸਦਨ 'ਚ ਕੈਲੀਫੋਰਨੀਆ ਦੇ ਯੂ. ਐੱਸ. ਕਾਂਗਰਸ ਮੈਂਬਰ ਜਿਮ ਕੋਸਟਾ ਨੇ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਅਤੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।


author

Shyna

Content Editor

Related News