ਸੁਵਿਧਾ ਕਰਮਚਾਰੀ ਯੂਨੀਅਨ ਵੱਲੋਂ ਕੈਪਟਨ ਸਰਕਾਰ ਵਿਰੁੱਧ ਪ੍ਰਦਰਸ਼ਨ

Sunday, Jun 24, 2018 - 05:07 AM (IST)

ਜਲੰਧਰ, (ਜ. ਬ.)— ਨੌਕਰੀ ਤੋਂ ਕੱਢੇ ਗਏ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਡੀ. ਸੀ. ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਕਾਂਗਰਸ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪ ਕੇ ਉਨ੍ਹਾਂ ਨੇ ਮੁੜ ਨੌਕਰੀ ਦੀ ਮੰਗ ਰੱਖਦੇ ਹੋਏ ਕਿਹਾ ਕਿ ਚੋਣਾਂ ਦੌਰਾਨ ਸੂਬਾ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰਨ ਪ੍ਰਤੀ ਸੁਹਿਰਦਤਾ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਯੂਨੀਅਨ ਮੈਂਬਰਾਂ ਵਿਚ ਰੋਸ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ 2004 ਤੋਂ ਚੱਲ ਰਹੇ ਸੁਵਿਧਾ ਸੈਂਟਰਾਂ ਨੂੰ 2016 ਵਿਚ ਅਕਾਲੀ ਸਰਕਾਰ ਨੇ ਬੰਦ ਕਰ ਕੇ 1100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਕੇ ਬੇਰੋਜ਼ਗਾਰ ਕਰ ਦਿੱਤਾ ਸੀ। ਆਰਥਕ ਤੰਗੀ ਦੀ ਮਾਰ ਝੱਲ ਰਹੇ ਕਰਮਚਾਰੀਆਂ ਨੇ ਸਤੰਬਰ 2016 ਵਿਚ ਸੰਘਰਸ਼ ਸ਼ੁਰੂ ਕਰਦੇ ਹੋਏ ਲੰਮੇ ਸਮੇਂ ਤੱਕ ਧਰਨੇ ਪ੍ਰਦਰਸ਼ਨ ਕੀਤੇ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਮੰਗਾਂ ਮੰਨਵਾਉਣ ਦਾ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਸੀ ਪਰ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਕਾਂਗਰਸ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ, ਜਿਸ ਕਾਰਨ ਅੱਜ ਵੀ ਉਨ੍ਹਾਂ ਦੇ ਹੱਥ ਖਾਲੀ ਹਨ।
ਕਰਮਚਾਰੀਆਂ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਸੁਖਮਨੀ ਸੋਸਾਇਟੀ ਚਾਲੂ ਕਰ ਕੇ ਕਰਮਚਾਰੀਆਂ ਨੂੰ ਰਾਹਤ ਦਿੱਤੀ ਜਾਵੇ। ਯੂਨੀਅਨ ਦੇ ਪ੍ਰਧਾਨ ਰਵਿੰਦਰ, ਚੇਅਰਮੈਨ ਬਾਪੂ ਸੱਜਣ ਸਿੰਘ ਨੇ ਕਿਹਾ ਕਿ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਗੱਲ ਕਰਦੀ ਹੈ, ਉਥੇ ਸੇਵਾ ਕੇਂਦਰ ਚਲਾ ਕੇ ਜੋ ਖਰਚ ਕਰ ਰਹੀ ਹੈ, ਉਹ ਸਮਝ ਤੋਂ ਬਾਹਰ ਹੈ। ਇਸ ਮੌਕੇ ਖਜ਼ਾਨਚੀ ਰਾਜੇਸ਼ ਕੁਮਾਰ ਰਿੰਕੂ ਸਮੇਤ ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਪ੍ਰਦਰਸ਼ਨ ਤੇਜ਼ ਕਰਨਗੇ।


Related News