ਗੁਰਪਤਵੰਤ ਪੰਨੂ ਦੀ ਟੀਮ ਖਿਲਾਫ ਅਮਰੀਕਾ ਜ਼ਰੀਏ ਕਾਰਵਾਈ ਕਰਵਾਵੇ ਕੇਂਦਰ ਸਰਕਾਰ : ਬਿੱਟੂ

Friday, Jun 19, 2020 - 12:37 AM (IST)

ਲੁਧਿਆਣਾ/ਮਾਛੀਵਾੜਾ, (ਹਿਤੇਸ਼, ਟੱਕਰ)– ਕਾਂਗਰਸੀ ਐੱਮ. ਪੀ. ਰਵਨੀਤ ਬਿੱਟੂ ਨੇ ਕੇਂਦਰ ਸਰਕਾਰ ਤੋਂ ਭਾਰਤੀ ਫੌਜ਼ ਦੇ ਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਚੀਨ ਦਾ ਸਮਰਥਨ ਕਰਨ ਦੇ ਮੁੱਦੇ ’ਤੇ ਗੁਰਪਤਵੰਤ ਪੰਨੂ ਦੀ ਟੀਮ ਦੇ ਖਿਲਾਫ ਅਮਰੀਕਾ ਜ਼ਰੀਏ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ। ਬਿੱਟੂ ਨੇ ‘ਸਿੱਖ ਫਾਰ ਜਸਟਿਸ’ ਦੇ ਮੈਂਬਰਾਂ ਨੂੰ ਦੇਸ਼ ਦੇ ਗਦਾਰ ਕਰਾਰ ਦਿੱਤਾ ਹੈ, ਜੋ ਪਾਕਿਸਤਾਨ ਨਾਲ ਮਿਲ ਕੇ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦੀ ਚੀਨ ਨਾਲ ਦੋਸਤੀ ਦਾ ਖੁਲਾਸਾ ਵੀ ਹੋ ਗਿਆ ਹੈ। ਬਿੱਟੂ ਨੇ ਕਿਹਾ ਕਿ ਪੰਨੂ ਦੀ ਟੀਮ ਵੱਲੋਂ ਸੈਨਿਕਾਂ ਨੂੰ ਜ਼ਿਆਦਾ ਤਨਖਾਹ ਦਾ ਲਾਲਚ ਦੇ ਕੇ ਭਾਰਤ ਖਿਲਾਫ ਵਿਦਰੋਹ ਕਰਨ ਲਈ ਭੜਕਾਇਆ ਜਾ ਰਿਹਾ ਹੈ। ਜਿਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਾਡੇ ਜਵਾਨ ਦੇਸ਼ ਲਈ ਸ਼ਹੀਦ ਹੋਣ ’ਤੇ ਮਾਣ ਮਹਿਸੂਸ ਕਰਦੇ ਹਨ। ਇਸ ਲਈ ਵਿਦੇਸ਼ਾਂ ਵਿਚ ਬੈਠੇ ਕੱਟੜਪੰਥੀਆਂ ਨੂੰ ਕਦੇ ਸਫਲਤਾ ਨਹੀਂ ਮਿਲੇਗੀ।

ਬਿੱਟੂ ਨੇ ਕਿਹਾ ਕਿ ਪੰਨੂ ਦੀ ਟੀਮ ਆਪਣੀ ਸੰਸਥਾ ‘ਸਿੱਖ ਫਾਰ ਜਸਟਿਸ’ ਦੇ ਨਾਂ ਦੇ ਉਲਟ ਸਿੱਖ ਸੈਨਿਕਾਂ ਨੂੰ ਸ਼ਹੀਦ ਕਰਨ ਲਈ ਚੀਨ ਦਾ ਸਮਰਥਨ ਕਰ ਰਹੇ ਹਨ। ਇਹ ਸਭ ਕੁੱਝ ਅਮਰੀਕਾ ਦੀ ਧਰਤੀ ’ਤੇ ਹੋ ਰਿਹਾ ਹੈ। ਇਸ ਲਈ ਕੇਂਦਰ ਨੂੰ ਉਥੋਂ ਦੀ ਸਰਕਾਰ ਜ਼ਰੀਏ ਇਨ੍ਹਾਂ ਖਿਲਾਫ ਕਾਰਵਾਈ ਕਰਵਾਉਣੀ ਚਾਹੀਦੀ ਹੈ।

ਜਥੇਦਾਰ ਨਾਲ ਦਲਜੀਤ ਦੋਸਾਂਝ ਅਤੇ ਜੈਜੀ ਬੀ. ਖਿਲਾਫ ਦਰਜ ਹੋਣਾ ਚਾਹੀਦਾ ਕੇਸ

ਬਿੱਟੂ ਨੇ ਖਾਲਿਸਤਾਨ ਦਾ ਸਮਰਥਨ ਕਰਨ ’ਤੇ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਜੈਜੀ ਬੀ. ਖਿਲਾਫ ਵੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਲੰਮਾ ਸਮਾਂ ਅੱਤਵਾਦ ਦਾ ਸੰਤਾਪ ਝੱਲਿਆ ਹੈ ਅਤੇ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਗਾਇਕਾਂ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ, ਹੁਣ ਇਹ ਗਾਇਕ ਉਨ੍ਹਾਂ ਲੋਕਾਂ ਨੂੰ ਇਕ ਵਾਰ ਫਿਰ ਅੱਗ ਵਿਚ ਝੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਦੇ ਲਈ ਉਨ੍ਹਾਂ ਖਿਲਾਫ ਪੰਜਾਬ ਦੇ ਹਰ ਪੁਲਸ ਸਟੇਸ਼ਨ ਵਿਚ ਕੇਸ ਦਰਜ ਹੋਣਾ ਚਾਹੀਦਾ ਹੈ।


Bharat Thapa

Content Editor

Related News