ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
Thursday, Jun 29, 2023 - 07:53 PM (IST)

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ)-ਕਸਬਾ ਸ਼ੇਰਪੁਰ ਦੇ ਨੌਜਵਾਨ ਦੀ ਲੰਘੀ ਰਾਤ ਅਮਰੀਕਾ ਵਿਖੇ ਅਚਾਨਕ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਗੁਰਪ੍ਰੀਤ ਸਿੰਘ ਉਰਫ਼ ਬਿੱਲਾ ਉਮਰ 31 ਸਾਲ ਕਸਬਾ ਸ਼ੇਰਪੁਰ ਵਿਖੇ ਦਸਮੇਸ਼ ਟੈਕਸੀ ਯੂਨੀਅਨ ’ਚ ਆਪਣੀ ਟੈਕਸੀ ਕਾਰ ਰਾਹੀਂ ਕੰਮ ਕਾਰ ਕਰ ਰਿਹਾ ਸੀ ਪਰ ਤਕਰੀਬਨ ਡੇਢ ਮਹੀਨਾ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਕੈਨੇਡਾ ਦੀ ਪੁਲਸ ’ਚ ਭਰਤੀ ਹੋ ਕੇ ਪੰਜਾਬੀ ਨੌਜਵਾਨ ਨੇ ਚਮਕਾਇਆ ਨਾਂ
ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਲੰਘੀ ਰਾਤ ਉਨ੍ਹਾਂ ਨੂੰ ਅਮਰੀਕਾ ਤੋਂ ਫ਼ੋਨ ਆਇਆ ਕਿ ਗੁਰਪ੍ਰੀਤ ਸਿੰਘ ਬਿੱਲਾ ਦੀ ਅਚਾਨਕ ਮੌਤ ਹੋ ਗਈ। ਇਸ ਘਟਨਾ ਦਾ ਕਸਬਾ ਸ਼ੇਰਪੁਰ ਵਿਖੇ ਜਿਉਂ ਹੀ ਪਤਾ ਲੱਗਾ ਤਾਂ ਚਾਰੇ ਪਾਸੇ ਡੂੰਘੇ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਗੁਰਪ੍ਰੀਤ ਸਿੰਘ ਬਿੱਲਾ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਬੁਢਾਪੇ ਦਾ ਸਹਾਰਾ ਸੀ। ਇਸ ਦੁੱਖਦਾਈ ਘੜੀ ਮੌਕੇ ਮਾ. ਹਰਬੰਸ ਸਿੰਘ ਸ਼ੇਰਪੁਰ, ਸਰਪੰਚ ਰਣਜੀਤ ਸਿੰਘ ਧਾਲੀਵਾਲ, ਮੁਲਾਜ਼ਮ ਆਗੂ ਦਰਸ਼ਨ ਸਿੰਘ ਸ਼ੇਰਪੁਰੀ, ਪਰਗਟ ਸਿੰਘ ਕਾਲਾਬੂਲਾ, ਮਹਿੰਦਰ ਸਿੰਘ ਅਲੀਪੁਰ ਖਾਲਸਾ, ਬੱਗਾ ਸਿੰਘ ਖੇੜੀ, ਸੋਨੀ ਖੇੜੀ, ਪੰਮਾ ਸ਼ੇਰਪੁਰ, ਹੈਪੀ ਸ਼ੇਰਪੁਰ, ਹੈਵੀ ਸ਼ੇਰਪੁਰ, ਸੋਮਾ ਸ਼ੇਰਪੁਰ ਆਦਿ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।