ਬੇਰੋਜ਼ਗਾਰ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਿਆ ਪ੍ਰਸ਼ਾਸਨ, ਪ੍ਰਮੁੱਖ ਸਕੱਤਰ ਨਾਲ ਹੋਵੇਗੀ ਮੀਟਿੰਗ
Tuesday, Mar 10, 2020 - 01:10 PM (IST)
ਪਟਿਆਲਾ (ਜੋਸਨ) : ਘਰ-ਘਰ ਨੌਕਰੀ ਦੇਣ ਦਾ ਝੂਠਾ ਲਾਰਾ ਲਾ ਕੇ ਸੱਤਾ ਹਥਿਆਉਣ ਵਾਲੀ ਅਤੇ ਆਮ ਜਨਤਾ ਦੀਆਂ ਸਮੱਸਿਆਵਾਂ ਤੋਂ ਮੂੰਹ ਫੇਰ ਕੇ ਬੈਠੀ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬੀਤੇ ਦਿਨ ਪਟਿਆਲਾ ਵਿਖੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ 'ਤੇ ਤਿੰਨ ਵਾਰ ਲਾਠੀਚਾਰਜ ਕੀਤਾ ਗਿਆ। ਬੇਰੋਜ਼ਗਾਰਾਂ ਦੇ ਸਿਦਕ ਅੱਗੇ ਝੁਕਦਿਆਂ ਪ੍ਰਸ਼ਾਸਨ ਵੱਲੋਂ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ 12 ਮਾਰਚ ਦੀ ਮੀਟਿੰਗ ਫਿਕਸ ਕਰਵਾਈ ਗਈ ਹੈ। ਇਸ ਅਧੀਨ ਧਰਨਾ ਸਥਾਨਕ ਪੁੱਡਾ ਗਰਾਊਂਡ ਤ੍ਰਿਪੜੀ ਰੋਡ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ।
ਬੀਤੇ ਦਿਨ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਕਾਰਨ 3 ਅਧਿਆਪਕਾਂ ਵੱਲੋਂ ਭਾਖੜਾ ਨਹਿਰ 'ਚ ਛਾਲ ਮਾਰਨ ਉਪਰੰਤ ਕਾਫੀ ਅਧਿਆਪਕ ਨਹਿਰ ਦੇ ਪੁਲ 'ਤੇ ਧਰਨਾ ਲਾ ਕੇ ਬੈਠੇ ਸਨ। ਉਹ ਵੀ ਧਰਨੇ ਵਾਲੀ ਥਾਂ ਪੁੱਡਾ ਗਰਾਊਂਡ ਵਾਪਸ ਆ ਗਏ ਹਨ। ਅਧਿਆਪਕ ਆਗੂਆਂ ਦੀਪਕ ਕੰਬੋਜ ਅਤੇ ਸੰਦੀਪ ਸਾਮਾ, ਸੁਰਜੀਤ ਚਪਾਤੀ, ਮੋਨੂੰ ਫਿਰੋਜ਼ਪੁਰ, ਪਰਮਿੰਦਰ ਜਲਾਲਾਬਾਦ, ਰਵਿੰਦਰ ਅਬੋਹਰ, ਜਰਨੈਲ ਨਾਗਰਾ, ਗੁਰਜੰਟ ਪਟਿਆਲਾ ਅਤੇ ਦੀਪ ਬਨਾਰਸੀ ਨੇ ਕਿਹਾ ਕਿ ਜੇਕਰ 12 ਮਾਰਚ ਨੂੰ ਹੋਣ ਵਾਲੀ ਮੀਟਿੰਗ 'ਚ ਕੋਈ ਸਾਰਥਕ ਹੱਲ ਨਾ ਨਿਕਲਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ 14 ਮਾਰਚ ਨੂੰ ਮੁੜ ਮੋਤੀ ਮਹਿਲ ਦਾ ਘਿਰਾਓ ਕਰਨਗੇ। ਭਰਾਤਰੀ ਜਥੇਬੰਦੀਆਂ ਵੱਲੋਂ ਦਵਿੰਦਰ ਸਿੰਘ ਪੂਨੀਆ (ਡੀ. ਟੀ. ਐੱਫ.), ਸੁਖਵਿੰਦਰ ਸਿੰਘ ਚਹਿਲ (ਜੀ. ਟੀ. ਯੂ.), ਰਮਿੰਦਰ ਪਟਿਆਲਾ (ਕਨਵੀਨਰ ਲੋਕ ਸੰਘਰਸ਼ ਕਮੇਟੀ ਪਟਿਆਲਾ), ਗੁਰਮੁਖ ਸਿੰਘ (ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ) ਨੇ ਬੇਰੋਜ਼ਗਾਰਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਹਰ ਸੰਭਵ ਮਦਦ ਦਾ ਐਲਾਨ ਕੀਤਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਆਪਣੀਆਂ ਮੰਗਾਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰੀ ਈ. ਟੀ. ਟੀ. ਅਧਿਆਪਕਾਂ 'ਤੇ ਪੁਲਸ ਵਲੋਂ ਲਾਠੀਚਾਰਜ ਕਰ ਦਿੱਤਾ ਗਿਆ। ਇਸ ਲਾਠੀਚਾਰਜ 'ਚ ਜਿੱਥੇ ਕਈ ਅਧਿਆਪਕ ਜ਼ਖਮੀ ਹੋ ਗਏ, ਉਥੇ ਹੀ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ। ਲਾਠੀਚਾਰਜ ਤੋਂ ਬਾਅਦ 'ਚ ਕਈ ਅਧਿਆਪਕਾਂ ਨੂੰ ਪੁਲਸ ਨੇ ਹਿਰਾਸਤ 'ਚ ਵੀ ਲੈ ਲਿਆ। ਮਿਲੀ ਜਾਣਕਾਰੀ ਮੁਤਾਬਕ ਜਦੋਂ ਬੇਰੁਜ਼ਗਾਰ ਅਧਿਆਪਕ ਦੁਪਹਿਰ ਨੂੰ ਨਹਿਰੂ ਪਾਰਕ ਵਿਖੇ ਇਕੱਠੇ ਹੋਏ ਤਾਂ ਪੁਲਸ ਵੱਲੋਂ ਨਹਿਰੂ ਪਾਰਕ ਦੀ ਘੇਰਾਬੰਦੀ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ ਨਹਿਰੂ ਪਾਰਕ ਦੀਆਂ ਤਾਰਾਂ ਨੂੰ ਟੱਪ ਕੇ ਸਿੱਧਾ ਮੋਤੀ ਮਹਿਲ ਵੱਲ ਵਧਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵਿਗੜੇਗਾ ਮੌਸਮ, ਭਲਕੇ ਇਨ੍ਹਾਂ ਜ਼ਿਲਿਆਂ 'ਚ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ