ਬੇਰੋਜ਼ਗਾਰ ਹੈਲਥ ਵਰਕਰਾਂ ਨੇ ਕੀਤੇ ਬੂਟ ਪਾਲਿਸ਼
Thursday, Mar 07, 2019 - 12:01 PM (IST)

ਪਟਿਆਲਾ (ਜੋਸਨ)— ਖਾਲੀ ਅਸਾਮੀਆਂ ਉੱਪਰ ਸਿਹਤ ਵਰਕਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ 'ਪੱਕੇ ਮੋਰਚੇ' ਦੇ ਅੱਜ ਤੀਜੇ ਦਿਨ ਸਥਾਨਕ ਬਾਰਾਂਦਰੀ ਗਾਰਡਨ ਵਿਖੇ ਸਰਕਾਰ ਲਈ ਬੂਟ ਪਾਲਿਸ਼ ਕੀਤੇ । ਇਸ ਦੌਰਾਨ ਇਕੱਠੀ ਕੀਤੀ ਰਕਮ ਸਰਕਾਰੀ ਖਜ਼ਾਨੇ 'ਚ ਜਮ੍ਹਾ ਕਰਵਾਉਣ ਲਈ ਰਾਖਵੀਂ ਰੱਖੀ।
ਇਸ ਮੌਕੇ ਯੂਨੀਅਨ ਆਗੂ ਤਰਲੋਚਨ ਸੰਗਰੂਰ ਨੇ ਦੱਸਿਆ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਕੋਲੋਂ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਲਈ ਪੱਕਾ ਧਰਨਾ ਲਾਇਆ ਹੋਇਆ ਹੈ। ਤੀਜੇ ਦਿਨ ਧਰਨੇ ਮੌਕੇ ਵੇਖਿਆ ਗਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚੋਂ ਪਹੁੰਚੇ ਬੇਰੋਜ਼ਗਾਰ ਹੈਲਥ ਵਰਕਰਾਂ ਨੇ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦੇ ਕੀਤੇ ਜਾ ਰਹੇ ਪ੍ਰਚਾਰ ਕਾਰਨ ਬੂਟ ਪਾਲਿਸ਼ ਕਰ ਕੇ ਪੈਸੇ ਇਕੱਠੇ ਕੀਤੇ ਜਿਹੜੇ ਕਿ 10 ਮਾਰਚ ਨੂੰ ਕਾਫਲੇ ਦੇ ਰੂਪ 'ਚ ਸਿਹਤ ਮੰਤਰੀ ਦੀ ਕੋਠੀ ਪਹੁੰਚ ਕੇ ਜਮ੍ਹਾ ਕਰਵਾਏ ਜਾਣਗੇ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵਿਚ ਸਿਹਤ ਵਰਕਰ (ਮੇਲ) ਦੀਆਂ ਸਾਰੀਆਂ ਖਾਲੀ ਅਸਾਮੀਆਂ 'ਚ ਤਿੰਨ ਸਾਲ ਦੀ ਛੋਟ ਦੇ ਕੇ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗੀ ਕੀਤੀ ਜਾ ਰਹੀ ਹੈ। ਵਾਰ-ਵਾਰ ਮੀਟਿੰਗਾਂ ਮਗਰੋਂ ਵੀ ਮੰਗ ਨੂੰ ਲਟਕਾਇਆ ਜਾ ਰਿਹਾ ਹੈ। ਜੇ ਜਲਦ ਮੰਗਾਂ ਨਾ ਮੰਨੀਆਂ ਤਾਂ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ। ਇਸ ਮੌਕੇ ਹਰਵਿੰਦਰ, ਜਸਵੀਰ ਪਟਿਆਲਾ, ਪ੍ਰਗਟ, ਰਣਜੀਤ, ਕੇਵਲ ਕ੍ਰਿਸ਼ਨ, ਜਗਜੀਤ ਅਤੇ ਭਰਪੂਰ ਸਾਰੇ ਬਠਿੰਡਾ, ਕੁਲਦੀਪ ਅਤੇ ਅੰਮ੍ਰਿਤਪਾਲ ਦੋਵੇਂ ਮਾਨਸਾ, ਰਾਮਸ਼ਰਨ ਬਾਬਰਪੁਰ, ਕੁਲਦੀਪ, ਕਾਲਾ, ਨਿਰਮਲ ਜੋਧਪੁਰ ਪਾਖਰ ਅਤੇ ਵਕੀਲ ਸਿੰਘ ਆਦਿ ਹਾਜ਼ਰ ਸਨ।