ਕਪੂਰਥਲਾ ''ਚ ਵਿਕ ਰਹੀ ਨਾਜਾਇਜ਼ ਸ਼ਰਾਬ, ਘਾਟੇ ''ਚ ਠੇਕੇਦਾਰ

01/20/2018 7:46:15 AM

ਕਪੂਰਥਲਾ, (ਗੌਰਵ)- ਲੰਬੇ ਸਮੇਂ ਤੋਂ ਸ਼ਰਾਬ ਮਾਫੀਆ ਦੀਆਂ ਗਤੀਵਿਧੀਆਂ ਨਾਲ ਜੂਝ ਰਹੇ ਕਪੂਰਥਲਾ ਸ਼ਹਿਰ ਵਿਚ ਇਸ ਵਾਰ ਆਬਕਾਰੀ ਵਿਭਾਗ ਨੂੰ ਸਰਕਾਰੀ ਸ਼ਰਾਬ ਠੇਕਿਆਂ ਦੀ ਨਿਲਾਮੀ 'ਚ ਭਾਰੀ ਦਿੱਕਤ ਆ ਸਕਦੀ ਹੈ। ਕਰੋੜਾਂ ਰੁਪਏ ਖਰਚ ਕਰ ਕੇ ਕਪੂਰਥਲਾ ਸ਼ਹਿਰ ਵਿਚ ਸਰਕਾਰੀ ਸ਼ਰਾਬ ਦੇ ਠੇਕੇ ਹਾਸਲ ਕਰਨ ਵਾਲੇ ਜ਼ਿਆਦਾਤਰ ਸ਼ਰਾਬ ਠੇਕੇਦਾਰਾਂ ਦੇ ਪਿਛਲੇ ਕੁਝ ਸਾਲਾਂ ਤੋਂ ਹੌਸਲੇ ਇਸ ਕਦਰ ਡਿੱਗ ਚੁੱਕੇ ਹਨ ਕਿ ਲਗਾਤਾਰ ਵਿਕਣ ਵਾਲੀ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਨੇ ਉਨ੍ਹਾਂ ਦੇ ਕਾਰੋਬਾਰ ਦਾ ਲੱਕ ਹੀ ਤੋੜ ਦਿੱਤਾ ਹੈ, ਜਿਸ ਦੇ ਸਿੱਟੇ ਵਜੋਂ ਪਿਛਲੇ ਕੁਝ ਵਰ੍ਹਿਆਂ ਤੋਂ ਕਪੂਰਥਲਾ ਸ਼ਹਿਰ ਵਿਚ ਸ਼ਰਾਬ ਠੇਕੇ ਲੈਣ ਵਾਲੇ ਠੇਕੇਦਾਰ ਮੁਨਾਫੇ ਤੋਂ ਵਾਂਝੇ ਚਲ ਰਹੇ ਹਨ। ਜਿਸ ਦੀ ਮਾਰਚ ਮਹੀਨੇ ਵਿਚ ਹੋਣ ਵਾਲੀ ਸਰਕਾਰੀ ਸ਼ਰਾਬ ਠੇਕਿਆਂ ਦੀ ਨਿਲਾਮੀ ਦੌਰਾਨ ਆਬਕਾਰੀ ਵਿਭਾਗ ਨੂੰ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ, ਜੋ ਪਹਿਲਾਂ ਹੀ ਸਰਕਾਰੀ ਖਜ਼ਾਨੇ ਦੀ ਜ਼ਬਰਦਸਤ ਕਮੀ ਨਾਲ ਜੂਝ ਰਹੀ ਪੰਜਾਬ ਸਰਕਾਰ ਲਈ ਇਕ ਵੱਡਾ ਝਟਕਾ ਬਣ ਸਕਦਾ ਹੈ। 
ਸ਼ਰਾਬ ਮਾਫੀਆ ਦਾ ਗੜ੍ਹ ਬਣ ਚੁੱਕਾ ਹੈ ਸ਼ਹਿਰ
ਕਪੂਰਥਲਾ ਸ਼ਹਿਰ ਨਾਲ ਸ਼ਰਾਬ ਮਾਫੀਆ ਦਾ ਨਾਤਾ ਕਰੀਬ 2 ਦਹਾਕੇ ਪੁਰਾਣਾ ਹੈ। ਸ਼ਹਿਰ ਦੇ ਪਿਛੜੇ ਅਤੇ ਗਰੀਬ ਖੇਤਰਾਂ 'ਚ ਪਿਛਲੇ 20 ਸਾਲਾਂ ਤੋਂ ਲਗਾਤਾਰ ਵਿਕ ਰਹੀ ਨਾਜਾਇਜ਼ ਸ਼ਰਾਬ ਨੇ ਜਿਥੇ ਸ਼ਰਾਬ ਮਾਫੀਆ ਨੂੰ ਮਾਲਾਮਾਲ ਕਰ ਦਿੱਤਾ ਹੈ, ਉਥੇ ਹੀ ਕਰੋੜਾਂ ਰੁਪਏ ਦੀ ਰਕਮ ਖਰਚ ਕੇ ਸ਼ਰਾਬ ਠੇਕੇ ਲੈਣ ਵਾਲੇ ਕਈ ਠੇਕੇਦਾਰਾਂ ਦੀ ਕਮਰ ਹੀ ਤੋੜ ਦਿੱਤੀ ਹੈ। ਕਰੀਬ 20 ਕਰੋੜ ਰੁਪਏ ਦੀ ਵੱਡੀ ਰਕਮ ਖਰਚ ਕੇ ਕਪੂਰਥਲਾ ਸਰਕਲ ਦੀ ਅਲਾਟਮੈਂਟ ਲੈਣ ਵਾਲੇ ਠੇਕੇਦਾਰਾਂ ਦੀ ਹਾਲਤ ਤਾਂ ਇਹ ਹੈ ਕਿ ਇਕ ਦਹਾਕੇ ਪਹਿਲਾਂ ਕਪੂਰਥਲਾ ਸ਼ਹਿਰ 'ਚ ਆਬਕਾਰੀ ਵਿਭਾਗ ਨੂੰ ਸ਼ਹਿਰੀ ਠੇਕੇ ਵੇਚਣ ਲਈ ਕਈ ਮਹੀਨੇ ਲੰਬੀ ਜੱਦੋ ਜਹਿਦ ਕਰਨੀ ਪੈਂਦੀ ਸੀ, ਜਿਸ ਦਾ ਸਿੱਧਾ ਨੁਕਸਾਨ ਸਰਕਾਰੀ ਰੈਵੀਨਿਊ ਨੂੰ ਹੁੰਦਾ ਸੀ ਪਰ ਕਿਸੇ ਤਰ੍ਹਾਂ ਆਬਕਾਰੀ ਵਿਭਾਗ ਵੱਲੋਂ ਸ਼ਰਾਬ ਠੇਕੇਦਾਰਾਂ ਨੂੰ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਕਪੂਰਥਲਾ ਸ਼ਹਿਰ ਦੀ ਅਲਾਟਮੈਂਟ ਸੌਖੀ ਹੋ ਗਈ ਸੀ ਪਰ ਹਾਲਾਤ ਇਸ ਕਦਰ ਗੰਭੀਰ ਹੋ ਚੁੱਕੇ ਹਨ ਕਿ ਲਗਾਤਾਰ ਵਿਕ ਰਹੀ ਨਾਜਾਇਜ਼ ਸ਼ਰਾਬ ਨੇ ਸਰਕਾਰੀ ਸ਼ਰਾਬ ਠੇਕੇਦਾਰਾਂ ਦੀ ਨੀਂਦ ਉਡਾ ਦਿੱਤੀ ਹੈ। 
ਨਿਲਾਮੀ 'ਚ ਸਰਕਾਰ ਨੂੰ ਕਰਨੀ ਪੈ ਸਕਦੀ ਹੈ ਭਾਰੀ ਮੁਸ਼ਕਤ 
ਇਸ ਸਾਲ ਮਾਰਚ ਮਹੀਨੇ ਦੇ ਆਖਿਰ 'ਚ ਸੂਬੇ ਭਰ ਵਿਚ ਹੋਣ ਵਾਲੀ ਸਰਕਾਰੀ ਸ਼ਰਾਬ ਠੇਕਿਆਂ ਦੀ ਨਿਲਾਮੀ ਦੌਰਾਨ ਆਬਕਾਰੀ ਵਿਭਾਗ ਨੂੰ ਕਪੂਰਥਲਾ ਸਰਕਲ ਅਲਾਟ ਕਰਨ ਵਿਚ ਭਾਰੀ ਦਿੱਕਤ ਆ ਸਕਦੀ ਹੈ। ਦੱਸਿਆ ਜਾਂਦਾ ਹੈ ਕਿ 20 ਸਾਲ ਤੋਂ ਸ਼ਰਾਬ ਮਾਫੀਆ ਨਾਲ ਜੂਝ ਰਹੇ ਕਪੂਰਥਲਾ ਸ਼ਹਿਰ 'ਚ ਹਾਲਾਤ ਇਸ ਕਦਰ ਡਿਗ ਚੁੱਕੇ ਹਨ ਕਿ ਹੁਣ ਆਉਣ ਵਾਲੀ ਨਿਲਾਮੀ ਵਿਚ ਸ਼ਾਇਦ ਹੀ ਕੋਈ ਗਰੁੱਪ ਕਪੂਰਥਲਾ ਸ਼ਹਿਰ ਵਿਚ 21-22 ਕਰੋੜ ਰੁਪਏ ਦੀ ਰਕਮ ਖਰਚ ਕਰ ਕੇ ਸ਼ਰਾਬ ਠੇਕਿਆਂ ਦੀ ਅਲਾਟਮੈਂਟ ਲੈ ਸਕੇ, ਜਿਸ ਦਾ ਸਿੱਧਾ ਨੁਕਸਾਨ ਸਰਕਾਰੀ ਖਜ਼ਾਨੇ ਨੂੰ ਭੁਗਤਨਾ ਪੈ ਸਕਦਾ ਹੈ। 
ਕੀ ਕਹਿੰਦੇ ਹਨ ਸਹਾਇਕ ਕਮਿਸ਼ਨਰ ਆਬਕਾਰੀ
ਇਸ ਸਬੰਧ ਵਿਚ ਜਦੋਂ ਸਹਾਇਕ ਕਮਿਸ਼ਨਰ ਆਬਕਾਰੀ ਪਵਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਸਾਡੀ ਮੁਹਿੰਮ ਲਗਾਤਾਰ ਚਲ ਰਹੀ ਹੈ, ਹੁਣ ਇਸ ਮੁਹਿੰਮ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। 


Related News