ਕੈਂਟਰ ਟਰੱਕ ਤੇ ਮੋਟਰਸਾਈਕਲ ਦਰਮਿਆਨ ਹਾਦਸਾ, ਦੋ ਦੀ ਮੌਤ
Tuesday, Sep 12, 2017 - 07:07 AM (IST)
ਆਦਮਪੁਰ, (ਦਿਲਬਾਗੀ, ਹੇਮਰਾਜ)- ਜਲੰਧਰ-ਆਦਮਪੁਰ ਰੋਡ 'ਤੇ ਪਿੰਡ ਉਦੇਸੀਆਂ ਦੇ ਪੈਟਰੋਲ ਪੰਪ ਨੇੜੇ ਕੈਂਟਰ (ਟਰੱਕ) ਅਤੇ ਮੋਟਰਸਾਈਕਲ ਦਰਮਿਆਨ ਹਾਦਸਾ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਦੇ ਮਾਮਾ ਸੰਦੀਪ ਕੁਮਾਰ ਪੁੱਤਰ ਤਿਲਕ ਰਾਜ ਦੇ ਬਿਆਨਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਸੰਦੀਪ ਕੁਮਾਰ ਨੇ ਦੱਸਿਆ ਕਿ ਦਯਾ ਰਾਮ ਪੁੱਤਰ ਮੁਨਸ਼ੀ ਰਾਮ ਤੇ ਫਿਰੋਜ਼ ਖਾਂ ਪੁੱਤਰ ਅਲੀ ਹਸਨ ਹਾਲ ਵਾਸੀ ਜਸਵੰਤ ਨਗਰ ਗੜ੍ਹਾ ਜਲੰਧਰ ਆਪਣੇ ਮੋਟਰ ਸਾਈਕਲ 'ਤੇ ਜਲੰਧਰ ਤੋਂ ਆਦਮਪੁਰ ਵੱਲ ਜਾ ਰਹੇ ਸਨ ਕਿ ਅੱਗੇ ਜਾ ਰਹੇ ਕੈਂਟਰ (ਟਰੱਕ) ਚਾਲਕ ਵਲੋਂ ਅਚਾਨਕ ਬਰੇਕ ਮਾਰ ਦੇਣ ਕਾਰਨ ਮੋਟਰਸਾਈਕਲ ਕੈਂਟਰ ਦੇ ਪਿੱਛੇ ਜਾ ਵੱਜਾ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਦਯਾ ਰਾਮ ਪੁੱਤਰ ਮੁਨਸ਼ੀ ਰਾਮ ਅਤੇ ਫਿਰੋਜ਼ ਖਾਂ ਪੁੱਤਰ ਅਲੀ ਹਸਨ ਦੀ ਮੌਤ ਹੋ ਗਈ। ਇਕ ਵਿਅਕਤੀ ਦੀ ਮੌਤ ਮੌਕੇ 'ਤੇ ਹੀ ਹੋ ਗਈ ਤੇ ਦੂਸਰੇ ਦੀ ਹਸਪਤਾਲ ਵਿਖੇ ਮੌਤ ਹੋ ਗਈ। ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਆਦਮਪੁਰ ਪੁਲਸ ਨੇ ਕੈਂਟਰ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਹਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਸ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।
