ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, AK-56 ਰਾਈਫਲ ਤੇ ਗੋਲੀ-ਸਿੱਕੇ ਸਣੇ ਅੱਤਵਾਦੀ ਮਾਡਿਊਲ ਦੇ ਦੋ ਵਿਅਕਤੀ ਕਾਬੂ
Friday, Sep 23, 2022 - 06:11 PM (IST)

ਚੰਡੀਗੜ੍ਹ/ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਆਈ.ਐਸ.ਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਦੋ ਵਿਅਕਤੀਆਂ ਦੀ ਗ੍ਰਿਫ਼ਤਾਰ ਨਾਲ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਜ਼ਿਕਰਯੋਗ ਹੈ ਕਿ ਕੈਨੇਡਾ ਸਥਿਤ ਲੰਡਾ ਪਾਕਿਸਤਾਨ ਸਥਿਤ ਲੋੜੀਂਦੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਵਿੱਚ ਸ਼ਾਮਲ ਹੋਏ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ ਤੇ ਇਨਾਂ ਦੇ ਆਈ.ਐਸ.ਆਈ. ਨਾਲ ਵੀ ਨੇੜਲੇ ਸਬੰਧ ਹਨ। ਲੰਡਾ ਨੇ ਮੋਹਾਲੀ 'ਚ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ 'ਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਅੰਮ੍ਰਿਤਸਰ 'ਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਇਕ ਆਈ.ਈ.ਡੀ ਵੀ ਲਾਇਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਜੀਤ ਸਿੰਘ ਮੱਲੀ (25) ਵਾਸੀ ਪਿੰਡ ਜੋਗੇਵਾਲ, ਫਿਰੋਜ਼ਪੁਰ ਅਤੇ ਗੁਰਬਖ਼ਸ਼ ਸਿੰਘ ਉਰਫ ਗੋਰਾ ਸੰਧੂ ਪਿੰਡ ਬੁਹ ਗੁਜਰਾਂ, ਫਿਰੋਜਪੁਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਸਖ਼ਤ, ਜ਼ਿਲ੍ਹੇ 'ਚ ਸਥਾਪਤ ਕੀਤੇ ਦੋ ਕੰਟਰੋਲ ਰੂਮ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਜਲੰਧਰ ਨਵਜੋਤ ਸਿੰਘ ਮਾਹਲ ਦੀ ਅਗਵਾਈ 'ਚ ਇਕ ਖੁਫੀਆ ਕਾਰਵਾਈ ਦੌਰਾਨ ਪੁਲਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਗੁਰਬਖ਼ਸ਼ ਸਿੰਘ ਵੱਲੋਂ ਉਸ ਦੇ ਪਿੰਡ 'ਚ ਦੱਸੇ ਟਿਕਾਣੇ ਤੋਂ ਦੋ ਮੈਗਜੀਨਾਂ, 90 ਜਿੰਦਾ ਕਾਰਤੂਸ ਅਤੇ ਦੋ ਗੋਲੀਆਂ ਦੇ ਖੋਲ ਸਮੇਤ ਇਕ ਆਧੁਨਿਕ ਏ.ਕੇ.-56 ਅਸਾਲਟ ਰਾਈਫਲ ਵੀ ਬਰਾਮਦ ਕੀਤੀ ਹੈ।
ਉਨਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਲਜੀਤ ਇਟਲੀ ਵਾਸੀ ਹਰਪ੍ਰੀਤ ਸਿੰਘ ਉਰਫ ਹੈਪੀ ਸੰਘੇੜਾ ਦੇ ਸੰਪਰਕ 'ਚ ਸੀ ਅਤੇ ਉਸ ਦੇ ਨਿਰਦੇਸ਼ਾਂ 'ਤੇ ਬਲਜੀਤ ਨੇ ਜੁਲਾਈ 2022 'ਚ ਪਿੰਡ ਸੂਦਣ ਵਿਖੇ ਮਖੂ-ਲੋਹੀਆਂ ਰੋਡ ‘ਤੇ ਸਥਿਤ ਨਿਸ਼ਾਨਦੇਹੀ ਤੋਂ ਹਥਿਆਰਾਂ ਦੀ ਖੇਪ ਹਾਸਲ ਕੀਤੀ ਸੀ। ਬਾਅਦ 'ਚ ਉਨ੍ਹਾਂ ਨੇ ਟੈਸਟ ਫਾਇਰ ਕਰਨ ਤੋਂ ਬਾਅਦ ਗੁਰਬਖ਼ਸ਼ ਦੇ ਖੇਤਾਂ 'ਚ ਖੇਪ ਛੁਪਾ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਬਲਜੀਤ ਕੈਨੇਡਾ ਸਥਿਤ ਲਖਬੀਰ ਲੰਡਾ ਅਤੇ ਅਰਸ਼ ਡੱਲਾ ਸਮੇਤ ਖਤਰਨਾਕ ਗੈਂਗਸਟਰਾਂ ਦੇ ਸਿੱਧੇ ਸੰਪਰਕ 'ਚ ਸੀ। ਉਨ੍ਹਾਂ ਕਿਹਾ ਕਿ ਹੋਰ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਹਥਿਆਰਾਂ ਦੀ ਬਰਾਮਦਗੀ ਦੀ ਆਸ ਹੈ। ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਵਿੱਢੀ ਗਈ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਗੈਂਗਸਟਰ ਮੁਕਤ ਸੂਬਾ ਨਹੀਂ ਬਣ ਜਾਂਦਾ। ਜ਼ਿਕਰਯੋਗ ਹੈ ਕਿ ਐਫ.ਆਈ.ਆਰ. ਨੰਬਰ 29, ਮਿਤੀ 22.09.2022 ਨੂੰ ਯੂ.ਏ(ਪੀ) ਐਕਟ ਦੀਆਂ ਧਾਰਾਵਾਂ 10, 13, 18 ਅਤੇ 20 ਅਤੇ ਆਰਮਜ ਐਕਟ ਦੀ ਧਾਰਾ 25 ਤਹਿਤ ਐਸ.ਐਸ.ਓ.ਸੀ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ।