ਪਾਕਿ ਸਮੱਗਲਰਾਂ ਨਾਲ ਸਬੰਧ ਰੱਖਣ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ
Tuesday, Jan 25, 2022 - 09:59 PM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ)- ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੁਲਸ ਵੱਲੋਂ ਕੀਤੀ ਨਾਕਾਬੰਦੀ ਅਤੇ ਗਸ਼ਤ ਦੌਰਾਨ ਸੀ.ਆਈ.ਏ. ਸਟਾਫ ਫਿਰੋਜ਼ਪੁਰ ਪੁਲਸ ਨੇ ਐੱਸ. ਪੀ. ਮਨਵਿੰਦਰ ਸਿੰਘ, ਡੀ. ਐੱਸ. ਪੀ. ਜਗਦੀਸ਼ ਕੁਮਾਰ ਅਤੇ ਇੰਚਾਰਜ ਸੀ. ਆਈ. ਏ. ਇੰਸਪੈਕਟਰ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਪਾਕਿਸਤਾਨ ਤੋਂ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 80,000 ਦੀ ਜਾਅਲੀ ਭਾਰਤੀ ਕਰੰਸੀ (2000 ਵਾਲੇ ਜਾਅਲੀ ਨੋਟ, ਇਕ ਚਾਈਨੀਜ਼ ਪਿਸਟਲ, 25 ਜਿੰਦਾ ਕਾਰਤੂਸ, 5 ਮੋਬਾਈਲ, ਇਕ ਡੌਂਗਲ, 40 ਫੁੱਟ ਪਲਾਸਟਿਕ ਦਾ ਰੱਸਾ, ਚੋਰੀ ਦੀ ਇਕ ਮਾਰੂਤੀ ਕਾਰ ਅਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ, ਜਦਕਿ ਇਸ ਗਿਰੋਹ ਦੇ 4 ਮੈਂਬਰ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਖ਼ਬਰ ਪੜ੍ਹੋ- AUS ਟੀਮ ਕਰ ਸਕਦੀ ਹੈ ਪਾਕਿ ਦਾ ਦੌਰਾ, ਮੁੱਖ ਚੋਣਕਾਰ ਬੇਲੀ ਨੇ ਕਹੀ ਇਹ ਗੱਲ
ਐੱਸ.ਐੱਸ.ਪੀ. ਫ਼ਿਰੋਜ਼ਪੁਰ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜਦੋਂ ਪੁਲਸ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਉਰਫ਼ ਵਿੰਦੀ ਅਤੇ ਦਰਸ਼ਨ ਸਿੰਘ ਵਾਸੀ ਪਿੰਡ ਸੱਦੂ ਸ਼ਾਹ ਵਾਲਾ, ਟੇਕ ਚੰਦ ਪੁੱਤਰ ਗੁਲਜ਼ਾਰ, ਵਿਕਰਮ ਪੁੱਤਰ ਟੇਕਚੰਦ ਅਤੇ ਅਰੁਣ ਭੱਟੀ ਪੁੱਤਰ ਮੰਗਲ ਸਿੰਘ ਵਾਸੀ ਬਾਰੇ ਕੇ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਪਾਕਿ ਸਮੱਗਲਰਾਂ ਤੋਂ ਅਸਲਾ ਅਤੇ ਉਕਤ ਸਾਮਾਨ ਲੈ ਕੇ ਫਿਰੋਜ਼ਪੁਰ ਵੱਲ ਆਉਣ ਦੀ ਤਿਆਰੀ ਕਰ ਰਹੇ ਹਨ।
ਇਹ ਖ਼ਬਰ ਪੜ੍ਹੋ- ਪ੍ਰਧਾਨ ਮੰਤਰੀ ਦੀ ਫੋਟੋ ਇਸ਼ਤਿਹਾਰ ਨਹੀਂ : ਕੇਰਲ ਹਾਈ ਕੋਰਟ
ਸੂਚਨਾ ਦੇ ਆਧਾਰ ’ਤੇ ਪੁਲਸ ਟੀਮ ਨੇ ਪਿੰਡ ਬਾਰੇ ਕੇ ਦੇ ਪੁਲ ਕੋਲ ਨਾਕਾਬੰਦੀ ਕਰ ਕੇ ਵਿਕਰਮ ਪੁੱਤਰ ਟੇਕ ਚੰਦ ਅਤੇ ਅਰੁਣ ਭੱਟੀ ਪੁੱਤਰ ਮੰਗਲ ਸਿੰਘ ਵਾਸੀ ਬਾਰੇ ਕੇ ਨੂੰ ਕਾਰ ਸਮੇਤ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ’ਤੇ ਇਨ੍ਹਾਂ ਕੋਲੋਂ ਪਾਕਿਸਤਾਨ ਤੋਂ ਮੰਗਵਾਇਆ ਹੋਇਆ ਇਹ ਸਾਮਾਨ ਬਰਾਮਦ ਹੋਇਆ, ਜਦਕਿ ਦੋਸ਼ੀ ਬਲਵਿੰਦਰ ਸਿੰਘ ਉਰਫ਼ ਵਿੰਦੀ ਅਤੇ ਟੇਕ ਚੰਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ।
ਫੜੇ ਗਏ ਕਥਿਤ ਸਮੱਗਲਰਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਪੁਲਸ ਕੋਲ ਮੰਨਿਆ ਕਿ ਉਹ ਪਹਿਲਾਂ ਵੀ ਇਕ ਵਾਰ ਪਾਕਿਸਤਾਨ ਤੋਂ ਹਥਿਆਰ ਮੰਗਵਾ ਚੁੱਕੇ ਹਨ ਅਤੇ ਉਨ੍ਹਾਂ ਨੇ ਗੰਦੇ ਨਾਲੇ ਦੇ ਰਸਤੇ ਰੱਸੀ ਦੀ ਮਦਦ ਨਾਲ ਤਾਰ ਤੋਂ ਪਾਰ ਪਾਕਿਸਤਾਨ ਤੋਂ 3-4 ਵਾਰ ਹੈਰੋਇਨ ਦੀ ਖੇਪ ਵੀ ਮੰਗਵਾਈ ਅਤੇ 24/25 ਜਨਵਰੀ ਦੀ ਅੱਧੀ ਰਾਤ ਨੂੰ ਉਨ੍ਹਾਂ ਨੇ 6 ਕਿਲੋ ਹੈਰੋਇਨ ਦੀ ਖੇਪ ਵੀ ਪਾਕਿਸਤਾਨੀ ਸਮੱਗਲਰਾਂ ਤੋਂ ਮੰਗਵਾਈ ਹੈ, ਜੋ ਭੱਜਣ ਵਾਲੇ ਸਮੱਗਲਰ ਟੇਕਚੰਦ ਅਤੇ ਬਲਵਿੰਦਰ ਸਿੰਘ ਦੇ ਕਿੱਟ ਬੈਗ ਵਿਚ ਸੀ। ਕਾਬੂ ਕੀਤੇ ਵਿਅਕਤੀਆਂ ਦੀ ਨਿਸ਼ਾਨਦੇਹੀ ’ਤੇ ਟੇਕਚੰਦ ਦੇ ਘਰ ਛਾਪਾ ਮਾਰ ਕੇ ਪੁਲਸ ਨੇ ਤਿੰਨ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਫੜੇ ਗਏ ਸਮੱਗਲਰਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਫਰਾਰ ਹੋਏ ਸਮੱਗਲਰਾਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।