ਦੋ ਔਰਤਾਂ ਵੀ ਸਨ ਨਾਲ, ਗੱਡੀ ਖਰੀਦਣ ਦੇ ਬਹਾਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਸੀ ਤਿਆਰੀ

11/14/2017 7:33:19 AM

ਮੋਹਾਲੀ  (ਰਾਣਾ) - ਫੇਜ਼-10 ਹਾਊਸਫੈੱਡ ਕੰਪਲੈਕਸ ਵਿਚ ਫਲੈਟ ਨੰਬਰ 1838/3 ਤੋਂ ਪੰਜਾਬ ਪੁਲਸ ਦੀ ਸਪੈਸ਼ਲ ਸਕੁਐਡ ਵਲੋਂ ਦੋ ਸ਼ੱਕੀਆਂ ਨੂੰ ਦਬੋਚਣ ਤੋਂ ਬਾਅਦ ਕੰਪਲੈਕਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸੀ. ਸੀ. ਟੀ. ਵੀ. ਕੈਮਰਿਆਂ ਵਿਚ ਜੋ ਗਤੀਵਿਧੀਆਂ ਰਿਕਾਰਡ ਹੋਈਆਂ ਹਨ, ਉਨ੍ਹਾਂ ਤੋਂ ਲਗਦਾ ਹੈ ਕਿ ਇਹ ਦੋਵੇਂ ਸ਼ੱਕੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਦੋਵੇਂ ਸ਼ਨੀਵਾਰ ਸ਼ਾਮ ਨੂੰ ਕੰਪਲੈਕਸ ਦੇ ਗੇਟ ਰਾਹੀਂ ਅੰਦਰ ਦਾਖਲ ਹੋਏ ਤੇ ਉਨ੍ਹਾਂ ਨਾਲ ਦੋ ਔਰਤਾਂ ਵੀ ਸਨ, ਜਿਨ੍ਹਾਂ ਨੂੰ ਦੋਵੇਂ ਸ਼ੱਕੀਆਂ ਨੇ ਕੋਈ ਸਾਮਾਨ ਵੀ ਦਿੱਤਾ। ਦੋਵੇਂ ਸ਼ੱਕੀਆਂ ਵਿਚੋਂ ਇਕ ਦੀ ਪਹਿਚਾਣ ਅੰਮ੍ਰਿਤਸਰ ਦੇ ਸੁਖਪਾਲ ਦੇ ਰੂਪ ਵਿਚ ਹੋਈ ਹੈ, ਉਹ ਆਪਣੇ ਸਾਥੀ ਸਮੇਤ ਚੰਡੀਗੜ੍ਹ ਤੋਂ ਇਕ ਗੱਡੀ ਖਰੀਦਣ ਦੇ ਬਹਾਨੇ ਆਇਆ ਸੀ। ਹੁਣ ਸਪੈਸ਼ਲ ਸਕੁਐਡ ਔਰਤਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।
ਸ਼ੱਕੀ ਵਿਅਕਤੀਆਂ ਨੂੰ ਸਾਮਾਨ ਦਿੰਦੀਆਂ ਔਰਤਾਂ ਹੋਈਆਂ ਸੀ. ਸੀ. ਟੀ. ਵੀ. ਵਿਚ ਕੈਦ
ਸੀ. ਸੀ. ਟੀ. ਵੀ. ਕੈਮਰਿਆਂ ਵਿਚ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਸੁਖਪਾਲ ਕੰਪਲੈਕਸ ਦੇ ਮੁੱਖ ਗੇਟ ਤੋਂ ਸ਼ਾਮ ਕਰੀਬ 6:32 'ਤੇ ਦਾਖਲ ਹੋਇਆ। ਉਸ ਦੇ ਨਾਲ ਇਕ ਹੋਰ ਵਿਅਕਤੀ ਵੀ ਸੀ। ਦੋਵੇਂ 2 ਮਿੰਟ ਤਕ ਗੇਟ 'ਤੇ ਹੀ ਖੜ੍ਹੇ ਰਹੇ ਤੇ ਇਸੇ ਵਿਚ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ। ਫੋਨ ਕਰਨ ਤੋਂ ਬਾਅਦ ਇਕ ਔਰਤ ਅੰਦਰ ਆਈ ਤੇ ਸ਼ੱਕੀ ਵਿਅਕਤੀਆਂ ਨੂੰ ਕੁਝ ਸਾਮਾਨ ਦਿੱਤਾ ਤੇ ਵਾਪਸ ਚਲੀ ਗਈ। ਉਸ ਦੇ ਪਿੱਛੇ-ਪਿੱਛੇ ਸੁਖਪਾਲ ਚਲਾ ਗਿਆ, ਜਿਸ ਤੋਂ ਬਾਅਦ ਇਕ ਹੋਰ ਔਰਤ ਆਈ। ਉਸ ਦੇ ਹੱਥ ਵਿਚ ਇਕ ਲਿਫਾਫਾ ਸੀ, ਉਸ ਨੇ ਦੂਸਰੇ ਸ਼ੱਕੀ ਨਾਲ ਗੱਲ ਕੀਤੀ ਤੇ ਗੇਟ 'ਤੇ ਜਾ ਕੇ ਖੜ੍ਹੀ ਹੋ ਗਈ। ਫਿਰ ਸ਼ੱਕੀ ਉਸ ਕੋਲ ਗਿਆ ਤੇ ਔਰਤ ਨੇ ਲਿਫਾਫਾ ਸ਼ੱਕੀ ਵਿਅਕਤੀ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਸ਼ੱਕੀ ਤੇ ਔਰਤ ਸੜਕ ਦੇ ਦੂਸਰੇ ਪਾਸੇ ਜਾ ਕੇ ਖੜ੍ਹੇ ਹੋ ਗਏ। ਉਥੇ ਇਕ ਸਫੇਦ ਰੰਗ ਦੀ ਗੱਡੀ ਆਈ ਤੇ ਦੋਵੇਂ ਉਸ ਵਿਚ ਬੈਠ ਕੇ ਚਲੇ ਗਏ।
ਰੈਂਟ ਡੀਡ ਬਣਾਈ ਹੋਈ ਸੀ : ਮਕਾਨ ਮਾਲਕ
ਫਲੈਟ ਦੀ ਮਾਲਕਣ ਰਿਟਾਇਰਡ ਪ੍ਰਿੰਸੀਪਲ ਦਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਰਿਟਾਇਰਡ ਕਰਨਲ ਦੇ ਨਾਲ ਆਨੰਦਪੁਰ ਸਾਹਿਬ ਵਿਚ ਰਹਿੰਦੀ ਹੈ ਤੇ ਉਨ੍ਹਾਂ ਦਾ ਬੇਟਾ ਆਸਟ੍ਰੇਲੀਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪ੍ਰਾਪਰਟੀ ਡੀਲਰ ਜਗਦੀਪ ਸਿੰਘ ਦੇ ਮਾਧਿਅਮ ਨਾਲ ਮਕਾਨ ਕਿਰਾਏ 'ਤੇ ਦਿੱਤਾ ਸੀ। ਮਕਾਨ ਕਿਰਾਏ 'ਤੇ ਦੇਣ ਤੋਂ ਪਹਿਲਾਂ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਵਾਈ ਗਈ ਸੀ। ਬਕਾਇਦਾ ਉਸ ਦੀ ਰੈਂਟ ਡੀਡ ਬਣਾਈ ਸੀ। ਉਥੇ ਹੀ ਪ੍ਰਾਪਰਟੀ ਡੀਲਰ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਅਖਬਾਰ ਵਿਚ ਪੜ੍ਹ ਕੇ ਫਲੈਟ ਦੀ ਮਾਲਕਣ ਦਵਿੰਦਰ ਕੌਰ ਨਾਲ ਸੰਪਰਕ ਕੀਤਾ ਤੇ ਤਿੰਨ ਨੌਜਵਾਨਾਂ ਨੂੰ ਫਲੈਟ ਕਿਰਾਏ 'ਤੇ ਦਿਵਾ ਦਿੱਤਾ।


Related News