ਅੰਮ੍ਰਿਤਸਰ ’ਚ ਜਹਾਜ਼ ਦੀ ਲੈਂਡਿੰਗ ਕਰਵਾ ਕੇ ਟਰੰਪ ਨੇ ਡੰਕੀ ਲਾਉਣ ਵਾਲੇ ਪੰਜਾਬੀਆਂ ਨੂੰ ਦਿੱਤਾ ‘ਸਖ਼ਤ ਸੁਨੇਹਾ’

Friday, Feb 07, 2025 - 09:56 AM (IST)

ਅੰਮ੍ਰਿਤਸਰ ’ਚ ਜਹਾਜ਼ ਦੀ ਲੈਂਡਿੰਗ ਕਰਵਾ ਕੇ ਟਰੰਪ ਨੇ ਡੰਕੀ ਲਾਉਣ ਵਾਲੇ ਪੰਜਾਬੀਆਂ ਨੂੰ ਦਿੱਤਾ ‘ਸਖ਼ਤ ਸੁਨੇਹਾ’

ਇੰਟਰਨੈਸ਼ਨਲ ਡੈਸਕ- ਅਮਰੀਕਾ ਨੇ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ’ਚ ਫੜੇ ਗਏ 104 ਭਾਰਤੀਆਂ ਨੂੰ ਫੌਜੀ ਜਹਾਜ਼ ਰਾਹੀਂ ਜਦੋਂ ਭਾਰਤ ਭੇਜਿਆ ਤਾਂ ਜਹਾਜ਼ ਦੀ ਲੈਂਡਿੰਗ ਲਈ ਅੰਮ੍ਰਿਤਸਰ ਹਵਾਈ ਅੱਡੇ ਨੂੰ ਚੁਣਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਅੰਮ੍ਰਿਤਸਰ ਵਿਚ ਜਹਾਜ਼ ਦੀ ਲੈਂਡਿੰਗ ਕਰਵਾ ਕੇ ਪੰਜਾਬ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਪੰਜਾਬੀਆਂ ਨੂੰ ‘ਸਖਤ ਸੁਨੇਹਾ’ ਦੇਣ ਦੀ ਕੋਸ਼ਿਸ਼ ਕੀਤੀ ਹੈ। 5 ਫਰਵਰੀ ਨੂੰ ਦੇਸ਼ ਨਿਕਾਲਾ ਦਿੱਤੇ ਗਏ 104 ਭਾਰਤੀਆਂ ਵਿਚੋਂ 30 ਪੰਜਾਬੀ ਹਨ ਅਤੇ ਪੰਜਾਬ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲਿਆਂ ਲਈ ਬਦਨਾਮ ਰਿਹਾ ਹੈ। 

ਇਹ ਵੀ ਪੜ੍ਹੋ: ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਨਾਲ ਸਰਕਾਰ ਦਾ ਵਾਅਦਾ, ਪ੍ਰਤੀ ਵਿਅਕਤੀ ਨੂੰ ਮਿਲਣਗੇ ਇੰਨੇ ਰੁਪਏ

ਪੰਜਾਬ ਵਿਚ ਸੈਂਕੜੇ ਅਜਿਹੇ ਟ੍ਰੈਵਲ ਏਜੰਟ ਕੰਮ ਕਰ ਰਹੇ ਹਨ ਜੋ ਨੌਜਵਾਨਾਂ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਸੁਪਨੇ ਦਿਖਾਉਂਦੇ ਹਨ ਅਤੇ ਉਨ੍ਹਾਂ ਤੋਂ ਵੱਡੀ ਰਕਮ ਵਸੂਲਦੇ ਹਨ। ਟਰੰਪ ਪ੍ਰਸ਼ਾਸਨ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ, ਇਸ ਲਈ ਭਾਰਤੀਆਂ ਨੂੰ ਭੇਜਣ ਲਈ ਇਕ ਫੌਜੀ ਜਹਾਜ਼ ਦੀ ਵਰਤੋਂ ਕੀਤੀ ਗਈ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਹੱਥਾਂ ਵਿਚ ਹੱਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਪਾ ਕੇ ਭਾਰਤ ਭੇਜਿਆ ਗਿਆ। ਹਾਲਾਂਕਿ ਭਾਰਤ ’ਚ ਟਰੰਪ ਪ੍ਰਸ਼ਾਸਨ ਦੇ ਇਸ ਰਵੱਈਏ ਨੂੰ ਅਣਮਨੁੱਖੀ ਦੱਸ ਕੇ ਇਸ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਇੰਨੀ ਸਖ਼ਤੀ ਕਰ ਕੇ ਟਰੰਪ ਪ੍ਰਸ਼ਾਸਨ ਪੰਜਾਬੀਆਂ ਨੂੰ ਮਨੋਵਿਗਿਆਨਕ ਤੌਰ ’ਤੇ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਤਾਂ ਕਿ ਪੰਜਾਬ ਤੋਂ ਅਮਰੀਕਾ ਜਾਣ ਵਾਲੇ ਨੌਜਵਾਨ ਗੈਰ-ਕਾਨੂੰਨੀ ਤਰੀਕੇ ਅਪਣਾਉਣ ਤੋਂ ਪਹਿਲਾਂ ਸੌ ਵਾਰ ਸੋਚਣ।

ਇਹ ਵੀ ਪੜ੍ਹੋ: ਕੀ ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਹੁੰਦਾ ਹੈ ਕੈਂਸਰ? ਜਾਣੋ ਕੀ ਕਹਿੰਦੈ ਤਾਜ਼ਾ ਅਧਿਐਨ

ਅਕਤੂਬਰ ’ਚ ਚਾਰਟਰਡ ਪਲੇਨ ਰਾਹੀਂ ਬਿਨਾਂ ਹੱਥਕੜੀ ਤੋਂ ਆਏ ਸਨ ਭਾਰਤੀ

ਪਿਛਲੇ ਸਾਲ 22 ਅਕਤੂਬਰ ਨੂੰ ਵੀ ਅਮਰੀਕਾ ਨੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ’ਚ ਫੜੇ ਗਏ ਭਾਰਤੀਆਂ ਨੂੰ ਇਕ ਚਾਰਟਰਡ ਪਲੇਨ ਰਾਹੀਂ ਭਾਰਤ ਭੇਜਿਆ ਸੀ ਪਰ ਉਸ ਸਮੇਂ ਭਾਰਤੀਆਂ ਨੂੰ ਹੱਥਕੜੀ ਨਹੀਂ ਲਾਈ ਗਈ ਸੀ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀ ਸਰਹੱਦੀ ਤੇ ਇਮੀਗ੍ਰੇਸ਼ਨ ਨੀਤੀ ਦੀ ਸਹਾਇਕ ਸਕੱਤਰ ਰੋਜ਼ ਮਰੇ ਨੇ ਇਕ ਆਨਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਭਾਰਤ ਭੇਜੇ ਗਏ ਲੋਕਾਂ ਬਾਰੇ ਜਾਣਕਾਰੀ ਦਿੱਤੀ ਸੀ। ਦਰਅਸਲ ਅਮਰੀਕਾ ਨੇ ਪਿਛਲੇ ਸਾਲ 30 ਸਤੰਬਰ ਨੂੰ ਖਤਮ ਹੋਏ ਵਿੱਤੀ ਸਾਲ ਦੌਰਾਨ 1100 ਭਾਰਤੀਆਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ’ਚ ਭਾਰਤ ਭੇਜਿਆ ਸੀ ਤੇ ਇਨ੍ਹਾਂ ਸਾਰੇ ਭਾਰਤੀਆਂ ਨੂੰ ਚਾਰਟਰਡ ਪਲੇਨ ਰਾਹੀਂ ਭਾਰਤ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ: ਅਮਰੀਕਾ ਜਹਾਜ਼-ਹੈਲੀਕਾਪਟਰ ਹਾਦਸਾ; ਨਦੀ 'ਚੋਂ ਸਾਰੀਆਂ 67 ਲਾਸ਼ਾਂ ਬਰਾਮਦ

ਪਿਛਲੇ ਸਾਲ ਅਮਰੀਕਾ ਨੇ 1,60,000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਿਆ

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਮਰੀਕਾ ਵਿਚ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਘਰ ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਪਿਛਲੇ ਅਮਰੀਕੀ ਵਿੱਤੀ ਸਾਲ ਦੌਰਾਨ ਹੀ ਅਮਰੀਕਾ ਨੇ ਚਾਰਟਰਡ ਪਲੇਨ ਰਾਹੀਂ 145 ਤੋਂ ਵੱਧ ਦੇਸ਼ਾਂ ਦੇ 1,60,000 ਤੋਂ ਵੱਧ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ਾਂ ’ਚ ਵਾਪਸ ਭੇਜਿਆ ਸੀ ਪਰ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਮੁਹਿੰਮ ਹਮਲਾਵਰ ਢੰਗ ਨਾਲ ਜਾਰੀ ਹੈ ਤੇ ਯੂਨਾਈਟਿਡ ਸਟੇਟ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਫੋਰਸ ਪਿਛਲੇ ਮਹੀਨੇ ਤੋਂ ਲਗਾਤਾਰ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਫੜ ਰਹੀ ਹੈ ਅਤੇ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਵਿਵਹਾਰ ਕਰ ਕੇ ਵਾਪਸ ਭੇਜ ਰਹੀ ਹੈ।

ਇਹ ਵੀ ਪੜ੍ਹੋ: ਟਰੰਪ ਨੂੰ ਸਤਾ ਰਿਹੈ ਕਤਲ ਦਾ ਡਰ, ਈਰਾਨ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ- ਤਬਾਹ ਕਰ ਦਵਾਂਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News