ਟਰਾਲਾ-ਦਰੱਖਤ ਨਾਲ ਟਕਰਾਇਆ, ਡਰਾਈਵਰ ਦੀ ਮੌਤ
Tuesday, Sep 10, 2019 - 06:45 PM (IST)
ਰਾਮਾਂ ਮੰਡੀ (ਪਰਮਜੀਤ) : ਸਥਾਨਕ ਸ਼ਹਿਰ ਦੇ ਰਾਮਾਂ ਮੰਡੀ–ਜੱਜਲ ਰੋਡ 'ਤੇ ਵਾਪਰੇ ਹਾਦਸੇ 'ਚ ਇਕ ਟਰਾਲਾ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟਰਾਲਾ ਚਾਲਕ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਸੀ, ਟਰਾਲੇ ਰਾਹੀਂ ਸਰੀਆ ਲੈ ਕੇ ਰੀਫਾਇਨਰੀ ਵੱਲ ਜਾ ਰਿਹਾ ਸੀ ਕਿ ਰਸਤੇ 'ਚ ਅਚਾਨਕ ਨੀਂਦ ਆਉਣ ਕਾਰਨ ਟਰਾਲਾ ਬੇਕਾਬੂ ਹੋ ਗਿਆ ਅਤੇ ਦਰੱਖਤ ਨਾਲ ਜਾ ਟਕਰਾਇਆ ਅਤੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ। ਜਿਸਦੀ ਸੂਚਨਾ ਮਿਲਦੇ ਹੀ ਸਥਾਨਕ ਸ਼ਹਿਰ ਦੀ ਸਮਾਜਸੇਵੀ ਹੈਲਪਲਾਈਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਸਾਹਿਲ ਬਾਂਸਲ, ਵਿਕਾਸ ਜਿੰਦਲ ਅਤੇ ਰਾਮਾਂ ਪੁਲਸ ਏ. ਐੱਸ. ਆਈ. ਸੁਰਜੀਤ ਸਿੰਘ ਸਮੇਤ ਪੁਲਸ ਪਾਰਟੀ ਅਤੇ ਸਥਾਨਕ ਸਰਕਾਰੀ ਹਸਪਤਾਲ ਦੇ ਫਾਰਮਾਸਿਸਟ ਤੁਰੰਤ ਉਕਤ ਘਟਨਾ ਸਥਾਨ 'ਤੇ ਪੁੱਜੇ। ਜਿੱਥੇ ਟਰਾਲਾ ਚਾਲਕ ਨੌਜਵਾਨ ਬੁਰੀ ਤਰ੍ਹਾਂ ਨਾਲ ਦਰੱਖਤ ਅਤੇ ਟਰਾਲੇ ਵਿਚਕਾਰ ਗੰਭੀਰ ਰੂਪ 'ਚ ਫਸਿਆ ਪਿਆ ਸੀ।
ਇਸ ਦੌਰਾਨ ਹੈਲਪਲਾਈਨ ਮੈਂਬਰਾਂ ਤੇ ਰਾਹਗੀਰਾਂ ਦੇ ਸਹਿਯੋਗ ਨਾਲ ਜੇ. ਸੀ. ਬੀ. ਮਸ਼ੀਨਾਂ ਮੰਗਵਾ ਕੇ ਬਾਹਰ ਕੱਢਿਆ ਅਤੇ ਤੁਰੰਤ ਫਸਟ ਏਡ ਦੇਣ ਉਪਰੰਤ ਗੰਭੀਰ ਰੂਪ 'ਚ ਜ਼ਖਮੀ ਡਰਾਈਵਰ ਨੂੰ ਹੈਲਪ ਲਾਈਨ ਵੈੱਲਫੇਅਰ ਸੋਸਾਇਟੀ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ, ਜਿੱਥੇ ਪਹੁੰਚਦਿਆਂ ਹੀ ਉਕਤ ਟਰਾਲਾ ਚਾਲਕ ਨੌਜਵਾਨ ਦੀ ਮੌਤ ਹੋ ਗਈ। ਰਾਮਾਂ ਪੁਲਸ ਨੇ ਮ੍ਰਿਤਕ ਦੇ ਭਰਾ ਦੀਪਕ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।