ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਉੱਤਰਾਖੰਡ ਦੇ ਸੀ. ਐੱਮ. ਰਾਵਤ

Monday, Jan 21, 2019 - 01:33 PM (IST)

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਉੱਤਰਾਖੰਡ ਦੇ ਸੀ. ਐੱਮ. ਰਾਵਤ

ਅੰਮ੍ਰਿਤਸਰ— ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਐਤਵਾਰ ਨੂੰ ਅੰਮ੍ਰਿਤਸਰ ਜ਼ਿਲੇ 'ਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ ਚਰਨਾਂ 'ਚ ਸੀਸ ਝੁਕਾ ਕੇ ਅਰਦਾਸ ਕੀਤੀ। ਰਾਵਤ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਬੈਠ ਕੇ ਕੀਰਤਨ ਸਰਵਣ ਕੀਤੀ ਅਤੇ ਕੜਾਹ ਪ੍ਰਸ਼ਾਦ ਲੈ ਕੇ ਗੁਰੂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਰਾਵਤ ਲੰਗਰ ਹਾਲ ਵਿਚ ਪਹੁੰਚੇ, ਜਿੱਥੇ ਉਨ੍ਹਾਂ ਬਰਤਨ ਧੋਣ ਦੀ ਸੇਵਾ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ 'ਚ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਤਿਆਗ ਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਹਰਾਦੂਨ-ਅੰਮ੍ਰਿਤਸਰ ਲਈ ਨਵੀਂ ਉਡਾਣ ਸ਼ੁਰੂ ਹੋਈ ਹੈ, ਜਿਸ ਨਾਲ ਘੰਟਿਆਂ ਦਾ ਸਫ਼ਰ ਮਿੰਟਾਂ 'ਚ ਤੈਅ ਹੋਵੇਗਾ। ਹੇਮਕੁੰਟ ਸਾਹਿਬ ਤੇ ਨਾਨਕਮਤਾ ਸਾਹਿਬ ਵਰਗੇ ਪਵਿੱਤਰ ਸਿੱਖ ਅਸਥਾਨ ਉੱਤਰਾਖੰਡ 'ਚ ਮੌਜੂਦ ਹਨ, ਜਿਨ੍ਹਾਂ ਦੇ ਦਰਸ਼ਨ ਉਡਾਣ ਚੱਲਣ ਨਾਲ ਹਰ ਸਿੱਖ ਸ਼ਰਧਾਲੂ ਸੌਖ ਨਾਲ ਕਰ ਸਕੇਗਾ। 

 

PunjabKesari

ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਉੱਤਰਾਖੰਡ 'ਚ ਵੀ ਕਰਵਾਏ ਜਾਣਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਤੋਂ ਇਲਾਵਾ ਜਸਵਿੰਦਰ ਸਿੰਘ ਦੀਨਪੁਰ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਹਰਿੰਦਰ ਸਿੰਘ ਸੂਚਨਾ ਅਧਿਕਾਰੀ, ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਸਹਾਇਕ ਸੂਚਨਾ ਅਧਿਕਾਰੀ ਨੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸੁਨਹਿਰੀ ਪੁਸਤਕ, ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ।


author

Tanu

Content Editor

Related News