ਡਾ. ਤ੍ਰੇਹਨ ਕਤਲ ਕਾਂਡ : ਸਾਬਕਾ ਅਕਾਲੀ ਮੰਤਰੀ ਵਲਟੋਹਾ ਵਿਰੁੱਧ ਅਗਲੀ ਸੁਣਵਾਈ 6 ਮਾਰਚ ਨੂੰ

Saturday, Feb 15, 2020 - 06:40 PM (IST)

ਡਾ. ਤ੍ਰੇਹਨ ਕਤਲ ਕਾਂਡ : ਸਾਬਕਾ ਅਕਾਲੀ ਮੰਤਰੀ ਵਲਟੋਹਾ ਵਿਰੁੱਧ ਅਗਲੀ ਸੁਣਵਾਈ 6 ਮਾਰਚ ਨੂੰ

ਤਰਨਤਾਰਨ (ਰਮਨ) : ਸਰਹੱਦੀ ਜ਼ਿਲਾ ਤਰਨਤਾਰਨ ਅਧੀਨ ਆਉਂਦੇ ਕਸਬਾ ਪੱਟੀ ਵਿਖੇ 1983 ਦੌਰਾਨ ਡਾ. ਸੁਦਰਸ਼ਨ ਤ੍ਰੇਹਨ ਦੀ ਹੱਤਿਆ ਕੇਸ 'ਚ ਨਾਮਜ਼ਦ ਕੀਤੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਤ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਸ਼ੁੱਕਰਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਪਰਮਜੀਤ ਕੌਰ ਦੀ ਅਦਾਲਤ ਤਰਨਤਾਰਨ ਵਿਖੇ ਪੇਸ਼ ਹੋਏ ਪਰ ਕਿਸੇ ਵੀ ਗਵਾਹ ਦੇ ਹਾਜ਼ਰ ਨਾ ਹੋਣ ਦੀ ਸੂਰਤ 'ਚ ਅਦਾਲਤ ਨੇ ਅਗਲੀ ਸੁਣਵਾਈ ਲਈ 6 ਮਾਰਚ ਦੀ ਤਰੀਕ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਕਤਲ ਕੇਸ 'ਚ ਸ਼ਾਮਲ ਪੁਰਾਣੇ ਅਤੇ ਨਵੇਂ ਕਰੀਬ 18 ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਗਵਾਹ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੀ ਗਵਾਹੀ ਤਹਿਤ ਵਿਰਸਾ ਸਿੰਘ ਉਪਰ ਲੱਗੇ ਦੋਸ਼ ਸਾਬਤ ਹੁੰਦੇ ਹਨ ਜਾਂ ਨਹੀ ਇਹ ਅਦਾਲਤ ਦੇ ਫੈਸਲੇ 'ਤੇ ਨਿਰਭਰ ਕਰਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 30 ਸਤੰਬਰ, 1983 ਵਾਲੀ ਸ਼ਾਮ ਨੂੰ ਪੱਟੀ ਦੇ ਰੇਲਵੇ ਰੋਡ ਉਪਰ ਮੌਜੂਦ ਡਾ. ਤ੍ਰੇਹਨ ਹਸਪਤਾਲ ਦੇ ਮਾਲਕ ਡਾ. ਸੁਦਰਸ਼ਨ ਤ੍ਰੇਹਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਹੱਤਿਆ ਦੇ ਦੋਸ਼ ਹੇਠ ਥਾਣਾ ਸਿਟੀ ਪੱਟੀ ਵਿਖੇ ਬਲਦੇਵ ਸਿੰਘ ਪੁੱਤਰ ਦੀਦਾਰ ਸਿੰਘ ਅਤੇ ਹਰਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੂਰਾ ਕੋਹਨਾ ਜ਼ਿਲਾ ਤਰਨਤਾਰਨ ਖਿਲਾਫ ਐੱਫ. ਆਈ. ਆਰ. ਨੰਬਰ 346 ਮਿਤੀ 30 ਸਤੰਬਰ 1983 ਨੂੰ ਧਾਰਾ 307, 302, 34 ਆਈ. ਪੀ. ਸੀ. ਅਤੇ 25, 54, 59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਸਬੰਧੀ ਉਸ ਵੇਲੇ ਜ਼ਿਲਾ ਅੰਮ੍ਰਿਤਸਰ ਹੋਣ ਕਾਰਣ ਅੰਮ੍ਰਿਤਸਰ ਦੀ ਇਕ ਅਦਾਲਤ ਵੱਲੋ 1990 'ਚ ਬਰੀ ਕਰ ਦਿੱਤਾ ਗਿਆ ਸੀ।

ਬਾਅਦ 'ਚ ਇਸ ਕਤਲ ਕੇਸ 'ਚ ਪ੍ਰੋ. ਵਲਟੋਹਾ ਨੂੰ ਵੀ ਪੱਟੀ ਪੁਲਸ ਵੱਲੋਂ ਸ਼ਾਮਲ ਨਾ ਕਰਦੇ ਹੋਏ ਮਾਮਲਾ ਠੰਡੇ ਬਸਤੇ 'ਚ ਪਾ ਦਿੱਤਾ ਗਿਆ। ਇਸ ਦੌਰਾਨ ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹਲਕਾ ਖੇਮਕਰਨ ਤੋਂ ਜਿੱਤ ਹਾਸਲ ਕਰਦੇ ਹੋਏ ਦੋ ਵਾਰ ਵਿਧਾਇਕ ਚੁਣੇ ਗਏ। ਕਾਂਗਰਸ ਪਾਰਟੀ ਦੇ ਸੱਤਾ 'ਚ ਆਉਣ ਉਪਰੰਤ ਇਸ ਠੰਡੇ ਬਸਤੇ 'ਚ ਪਏ ਮਾਮਲੇ ਨੂੰ ਚੁੱਕਿਆ ਗਿਆ, ਜਿਸ ਤਹਿਤ ਪੱਟੀ ਦੇ ਜੇ. ਐੱਮ. ਆਈ. ਸੀ. ਮੁਨੀਸ਼ ਗਰਗ ਦੀ ਅਦਾਲਤ 'ਚ ਕਰੀਬ ਇਕ ਸਾਲ ਪਹਿਲਾਂ ਚਲਾਨ ਪੇਸ਼ ਕੀਤਾ ਗਿਆ, ਜਿਸ ਦੇ ਹੁਕਮਾਂ ਤਹਿਤ ਪ੍ਰੋ. ਵਲਟੋਹਾ ਲਗਾਤਾਰ ਅਦਾਲਤ 'ਚ ਹਾਜ਼ਰ ਹੁੰਦੇ ਰਹੇ। ਬਾਅਦ 'ਚ ਜਨਵਰੀ ਮਹੀਨੇ 'ਚ ਇਹ ਮਾਮਲਾ ਐਡੀਸ਼ਨਲ ਸੈਸ਼ਨ ਜੱਜ ਪਰਮਜੀਤ ਕੌਰ ਦੀ ਅਦਾਲਤ ਵਿਚ ਲਿਆਂਦਾ ਗਿਆ।


author

Gurminder Singh

Content Editor

Related News