ਰੁੱਖਾਂ ਦੀ ਨਾਜਾਇਜ਼ ਕਟਾਈ ਨਾਲ ਸਰਕਾਰ ਨੂੰ ਲੱਖਾਂ ਦਾ ਚੂਨਾ
Thursday, Feb 08, 2018 - 11:34 AM (IST)

ਚੌਕ ਮਹਿਤਾ (ਕੈਪਟਨ) - ਸੜਕਾਂ ਦੇ ਕੰਢਿਓਂ ਸਰਕਾਰੀ ਰੁੱਖਾਂ ਦੀ ਨਾਜਾਇਜ਼ ਕਟਾਈ ਆਮ ਗੱਲ ਬਣ ਚੁੱਕੀ ਹੈ। ਆਏ ਦਿਨ ਹੁੰਦੀ ਰੁੱਖਾਂ ਦੀ ਨਾਜਾਇਜ਼ ਕਟਾਈ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਸਥਾਨਕ ਕਸਬਾ ਮਹਿਤਾ ਚੌਕ ਤੋਂ ਜਲੰਧਰ ਨੂੰ ਜਾਂਦੇ ਮੁੱਖ ਮਾਰਗ 'ਤੇ ਥਾਣਾ ਮਹਿਤਾ ਨਜ਼ਦੀਕ ਸੜਕ ਕੰਢੇ ਸਰਕਾਰੀ ਰੁੱਖਾਂ ਦੀ ਗਿਣਤੀ ਨੂੰ ਧਿਆਨ 'ਚ ਰੱਖਣ ਲਈ ਜੰਗਲਾਤ ਵਿਭਾਗ ਵੱਲੋਂ ਰੁੱਖਾਂ 'ਤੇ ਨੰਬਰ ਲਾਏ ਗਏ ਹਨ, ਬਾਵਜੂਦ ਇਸ ਦੇ ਇਥੋਂ ਸਫੈਦੇ ਦਾ ਇਕ ਵੱਡਾ ਰੁੱਖ ਕਿਸੇ ਵੱਲੋਂ ਚੋਰੀ ਵੱਢ ਲਿਆ ਗਿਆ ਹੈ। ਇਸ ਬਾਰੇ ਜਦ ਗਾਰਡ ਜਸਬਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਹੁਤ ਜਲਦ ਮੌਕੇ 'ਤੇ ਪੁੱਜ ਕੇ ਪੜਤਾਲ ਕੀਤੀ ਜਾਵੇਗੀ। ਜੰਗਲਾਤ ਵਿਭਾਗ (ਬਲਾਕ ਰਈਆ) ਦੇ ਰੇਂਜ ਅਫਸਰ ਗੁਰਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨਾਜਾਇਜ਼ ਕਟਾਈ ਨੂੰ ਠੱਲ੍ਹ ਪਾਉਣ ਲਈ ਸਖਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।