ਮੰਤਰੀ ਰਾਜਾ ਵੜਿੰਗ ਦਾ ਵੱਡਾ ਐਕਸ਼ਨ: ਪਨਬੱਸ ਤੇ ਪੀ. ਆਰ. ਟੀ. ਸੀ. ਯੂਨੀਅਨ ਦੇ ਮੈਂਬਰਾਂ ’ਤੇ ਪਰਚਾ ਦਰਜ

Sunday, Dec 05, 2021 - 11:58 AM (IST)

ਜਲੰਧਰ (ਪੁਨੀਤ)– ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਰਜਕਾਲ ਵਿਚ ਬੱਸ ਅੱਡਾ ਬੰਦ ਕਰਨ ਵਾਲੇ ਠੇਕਾ ਕਰਮਚਾਰੀਆਂ ’ਤੇ ਪਰਚਾ ਦਰਜ ਕਰਨ ਦਾ ਵੱਡਾ ਐਕਸ਼ਨ ਲਿਆ ਗਿਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਚੋਣਾਂ ਦੇ ਸਾਲ ਵਿਚ ਇਸ ਤਰ੍ਹਾਂ ਦਾ ਐਕਸ਼ਨ ਲੈਣ ਬਾਰੇ ਸੋਚਿਆ ਵੀ ਨਹੀਂ ਜਾ ਰਿਹਾ ਸੀ। ਇਸ ਦਾ ਆਉਣ ਵਾਲੇ ਦਿਨਾਂ ਵਿਚ ਵਿਰੋਧ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਯਾਤਰੀਆਂ ਦੀ ਪਰੇਸ਼ਾਨੀ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਨੂੰ ਆਧਾਰ ਬਣਾ ਕੇ ਇਹ ਕਾਰਵਾਈ ਕਰਵਾਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ ਜਲੰਧਰ ਹੀ ਨਹੀਂ, ਸਗੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪਰਚੇ ਦਰਜ ਕਰਵਾਏ ਗਏ ਹਨ।
ਚੰਡੀਗੜ੍ਹ ਤੋਂ ਅਧਿਕਾਰੀਆਂ ਵੱਲੋਂ ਭੇਜੀ ਗਈ ਚਿੱਠੀ ਅਤੇ ਜਲੰਧਰ ਦੇ ਜੀ. ਐੱਮ.-1 ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਨੰਬਰ 6 ਵਿਚ ਆਈ. ਪੀ. ਸੀ. ਦੇ ਐਕਟ 1860 ਦੀ ਧਾਰਾ 283 ਤਹਿਤ 3 ਦਸੰਬਰ ਨੂੰ ਰਾਤ 9.40 ’ਤੇ ਐੱਫ. ਆਈ. ਆਰ. ਨੰਬਰ 240 ਦਰਜ ਕੀਤੀ ਗਈ ਹੈ। ਐੱਫ. ਆਈ. ਆਰ. ਮੁਤਾਬਕ ਸ਼ੁੱਕਰਵਾਰ ਨੂੰ ਬੱਸ ਅੱਡਾ ਬੰਦ ਕਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਵਾਲੀ ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਖਿਲਾਫ 2 ਦਸੰਬਰ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ।

PunjabKesari

ਟਰਾਂਸਪੋਰਟ ਮਹਿਕਮੇ ਦੇ ਪ੍ਰਮੁੱਖ ਸਕੱਤਰ ਅਤੇ ਪਨਬੱਸ ਦੇ ਮੈਨੇਜਿੰਗ ਡਾਇਰੈਕਟਰ ਚੰਡੀਗੜ੍ਹ ਵੱਲੋਂ ਪੁਲਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਕਿ ਪੰਜਾਬ ਰੋਡਵੇਜ਼/ਪਨਬੱਸ ਕਾਂਟਰੈਕਟ ਯੂਨੀਅਨ ਵੱਲੋਂ 3 ਦਸੰਬਰ ਨੂੰ ਬੱਸ ਅੱਡਾ ਬੰਦ ਕੀਤਾ ਗਿਆ ਸੀ ਅਤੇ ਹੁਣ ਯੂਨੀਅਨ ਵੱਲੋਂ 7 ਦਸੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਭੇਜੀ ਚਿੱਠੀ ਵਿਚ ਪੁਲਸ ਵਿਭਾਗ ਨੇ ਜ਼ਰੂਰੀ ਇੰਤਜ਼ਾਮ ਕਰਨ ਲਈ ਕਿਹਾ ਗਿਆ ਤਾਂਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਉਥੇ ਹੀ, ਇਕ ਹੋਰ ਸ਼ਿਕਾਇਤ ਵਿਚ ਪੰਜਾਬ ਰੋਡਵੇਜ਼ ਜਲੰਧਰ ਡਿਪੂ-1 ਅਤੇ 2 ਦੇ ਅਧਿਕਾਰੀਆਂ ਵੱਲੋਂ ਭੇਜੀ ਗਈ ਚਿੱਠੀ ਵਿਚ 3 ਦਸੰਬਰ ਨੂੰ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਬੱਸ ਅਡਾ ਬੰਦ ਹੋਣ ਦੀ ਸੰਭਾਵਨਾ ਬਾਰੇ ਲਿਖਿਆ ਗਿਆ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਪੁਲਸ ਕੇਸ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਗਈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਛਲਕਿਆ ਦਰਦ, ਮੰਤਰੀ ਸਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਦੱਸਿਆ ਕਾਰਨ

ਇਸ ਉਪਰੰਤ 3 ਦਸੰਬਰ ਨੂੰ ਥਾਣਾ ਨੰਬਰ 6 ਦੀ ਪੁਲਸ ਪਾਰਟੀ ਨੇ ਬੱਸ ਅੱਡੇ ਵਿਚ ਮੌਜੂਦ ਰਹਿ ਕੇ ਘਟਨਾਕ੍ਰਮ ਨੂੰ ਵੇਖਿਆ। ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਬੱਸ ਅੱਡਾ ਬੰਦ ਕਰਨ ਦੌਰਾਨ ਯਾਤਰੀਆਂ ਦੀ ਪਰੇਸ਼ਾਨੀ ਦਾ ਜ਼ਿਕਰ ਕੀਤਾ ਗਿਆ ਹੈ। ਪੁਲਸ ਵੱਲੋਂ ਜਿਹੜਾ ਕੇਸ ਦਰਜ ਕੀਤਾ ਗਿਆ ਹੈ, ਉਸ ਵਿਚ ਮੁਲਜ਼ਮ ਦੇ ਕਾਲਮ ਵਿਚ ਕਿਸੇ ਮੁਲਜ਼ਮ ਦਾ ਨਾਂ ਨਾ ਲਿਖ ਕੇ ਅਣਪਛਾਤਾ ਯੂਨੀਅਨ ਮੈਂਬਰ ਲਿਖਿਆ ਗਿਆ ਹੈ। ਉਥੇ ਹੀ, ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਐਤਵਾਰ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਅਗਲੀ ਰਣਨੀਤੀ ’ਤੇ ਵਿਚਾਰ ਹੋਵੇਗਾ। ਕਰਮਚਾਰੀਆਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: 3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮਾਂ-ਪੁੱਤ ਦੀ ਮੌਤ

ਅਣਮਿੱਥੇ ਸਮੇਂ ਦੀ ਹੜਤਾਲ ’ਤੇ ਜਾਣ ਵਾਲੇ ਕਰਮਚਾਰੀਆਂ ਨੂੰ ਨੌਕਰੀਓ ਤੋਂ ਕੱਢਣ ਦੀ ਤਿਆਰੀ
ਯੂਨੀਅਨ ਵੱਲੋਂ ਠੇਕਾ ਸਟਾਫ਼ ਨੂੰ ਪੱਕਾ ਕਰਨ ਦੀਆਂ ਮੰਗਾਂ ਸਬੰਧੀ 7 ਦਸੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾ ਰਹੀ ਹੈ। ਪਿਛਲੀ ਵਾਰ ਕੀਤੀ ਗਈ ਲੰਮੀ ਹੜਤਾਲ ਅਤੇ ਬੱਸਾਂ ਦੇ ਚੱਕਾ ਜਾਮ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਉਠਾਉਣੀ ਪੈ ਚੁੱਕੀ ਹੈ। ਇਸ ਵਾਰ ਸਰਕਾਰ ਅਜਿਹਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਇਸੇ ਕਾਰਨ ਟਰਾਂਸਪੋਰਟ ਮਹਿਕਮੇ ਵੱਲੋਂ ਹੜਤਾਲ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਸਾਫ ਕਹਿਣਾ ਹੈ ਕਿ ਜਿਹੜਾ ਕਰਮਚਾਰੀ ਹੜਤਾਲ ’ਤੇ ਜਾਵੇਗਾ, ਉਸ ’ਤੇ ਐਕਸ਼ਨ ਲਿਆ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News