ਟਰਾਂਸਪੋਰਟਰਾਂ ਦੀ ਅਣਮਿੱਥੇ ਸਮੇਂ ਲਈ ਹਡ਼ਤਾਲ ਜਾਰੀ
Sunday, Jul 22, 2018 - 12:55 AM (IST)
ਨਵਾਂਸ਼ਹਿਰ, (ਮਨੋਰੰਜਨ)- ਡੀਜ਼ਲ ਦੇ ਵਧਦੇ ਰੇਟਾਂ ਅਤੇ ਜਗ੍ਹਾ-ਜਗ੍ਹਾ ਲੱਗੇ ਟੋਲ ਪਲਾਜ਼ਿਅਾਂ ਕਾਰਨ ਟਰਾਂਸਪੋਰਟ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕੇਂਦਰ ਸਰਕਾਰ ਤੋਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵੱਲੋਂ ਆਪਣੀਅਾਂ ਮੰਗਾਂ ਨੂੰ ਲੈ ਕੇ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ’ਤੇ ਟਰਾਂਸਪੋਰਟਰ ਅਣਮਿੱਥੇ ਸਮੇਂ ਲਈ ਹਡ਼ਤਾਲ ’ਤੇ ਚੱਲ ਰਹੇ ਹਨ। ਟਰੱਕਾਂ ਦਾ ਚੱਕਾ ਜਾਮ ਹੋਣ ਨਾਲ ਦੂਸਰੇ ਦਿਨ ਵੀ ਦੇਸ਼ ਭਰ ਵਿਚ 2 ਹਜ਼ਾਰ ਕਰੋਡ਼ ਰੁਪਏ ਅਤੇ ਨਵਾਂਸ਼ਹਿਰ ਵਿਚ ਲੱਖਾਂ ਰੁਪਇਅਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟਰ ਜੀਤਾ ਧਮਡ਼ੈਤ, ਬਿੱਲਾ ਸਾਹਲੋਂ, ਜਸਵੰਤ ਸਿੰਘ ਬੁਹਾਰਾ, ਬਾਬਾ ਕਮਾਮ, ਵੀਰਾ ਸ਼ਾਹਿਬਾਜਪੁਰ, ਮਨਪ੍ਰੀਤ ਨਵਾਂਸ਼ਹਿਰ, ਬੁੱਧ ਸਿੰਘ ਅੌਜਲਾ, ਬਿੰਦਰ ਸੋਨਾ, ਬਿੰਦਰ ਲੰਗਡ਼ੋਆ, ਜੋਗਾ ਸਿੰਘ ਬਰਨਾਲਾ, ਜਿੰਦਰ ਸਹੋਤਾ, ਚੰਨੀ ਉਡ਼ਾਪਡ਼ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਨੋਟਬੰਦੀ ਅਤੇ ਫਿਰ ਜੀ.ਐੱਸ.ਟੀ. ਲਾਗੂ ਕਰਨ ਦੇ ਬਾਅਦ ਟਰਾਂਸਪੋਰਟ ਹੀ ਨਹੀਂ ਬਲਕਿ ਹਰ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਹੁਣ ਰਹਿੰਦੀ ਕਸਰ ਡੀਜ਼ਲ ਦੇ ਵਧੇ ਰੇਟਾਂ ਨੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਅਾਂ ਮੰਗਾਂ ਨਹੀਂ ਮੰਨੀਅਾਂ ਜਾਂਦੀਅਾਂ ਹਡ਼ਤਾਲ ਜਾਰੀ ਰਹੇਗੀ।
ਰੂਪਨਗਰ, (ਵਿਜੇ)-ਰੂਪਨਗਰ ’ਚ ਟਰੱਕ ਚਾਲਕਾਂ ਦੀ ਹਡ਼ਤਾਲ ਦੂਜੇ ਦਿਨ ’ਚ ਦਾਖਲ ਹੋ ਗਈ। ਜਾਣਕਾਰੀ ਦਿੰਦੇ ਹੋਏ ਕੋਆਪ੍ਰੇਟਿਵ ਸੋਸਾਇਟੀ ਟਰੱਕ ਯੂਨੀਅਨ ਦੇ ਮੈਨੇਜਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਟ੍ਰਾਂਸਪੋਰਟ ਸੰਗਠਨ ਦੀ ਅਗਵਾਈ ’ਚ ਡੀਜ਼ਲ ਦੀਆਂ ਕੀਮਤਾਂ ਅਤੇ ਟੋਲ ਫੀਸ ’ਚ ਕਮੀ ਨੂੰ ਲੈ ਕੇ ਟਰੱਕ ਅਾਪ੍ਰੇਟਰਾਂ ਵੱਲੋਂ ਹਡ਼ਤਾਲ ਕੀਤੀ ਗਈ ਹੈ। ਇਸ ਮੌਕੇ ਟਰੱਕ ਅਾਪ੍ਰੇਟਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਟਰੱਕਾਂ ਨੂੰ ਸੋਸਾਇਟੀ ਜਾਂ ਆਪਣੇ ਆਪਣੇ ਘਰਾਂ ਦੇ ਨੇਡ਼ੇ ਖਡ਼ਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਦੋ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਹਡ਼ਤਾਲ ’ਤੇ ਰਹਿਣਗੇ।
ਨੰਗਲ, (ਗੁਰਭਾਗ)-ਦੇਸ਼ ’ਚ ਲਗਾਤਾਰ ਵਧ ਰਹੀਆਂ ਡੀਜ਼ਲ/ਪੈਟਰੋਲ/ਟੋਲ ਟੈਕਸ ਅਤੇ ਇੰਸ਼ੋਰੈਂਸ ਦੀਆਂ ਕੀਮਤਾਂ ਖਿਲਾਫ ਆਲ ਇੰਡੀਆ ਟ੍ਰਾਂਸਪੋਰਟ ਯੂਨੀਅਨਾਂ ਅਤੇ ਸੋਸਾਇਟੀਆਂ ਦੁਆਰਾ ਸ਼ੁਰੂ ਕੀਤੇ ਸੰਘਰਸ਼ ਨੂੰ ਅੱਜ ਉਦੋਂ ਬਲ ਮਿਲਿਆ, ਜਦੋਂ ਪੰਜਾਬ ਦੀ ਸਭ ਤੋਂ ਵੱਡੀ ਗਿਣੀ ਜਾਂਦੀ ਨੰਗਲ ਟਰੱਕ ਕੋ ਆਪ੍ਰੇਟਿਵ ਸੋਸਾਇਟੀ ਨੇ ਪੂਰਨ ਸਮਰਥਨ ਦੇ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਯੂਨੀਅਨ ਦੇ ਮੈਂਬਰ ਪਿਆਰਾ ਸਿੰਘ, ਆਲਮ ਖਾਨ, ਨਿੱਕਾ ਸਿੰਘ, ਮਾਨ ਸਿੰਘ ਅਤੇ ਵੱਡੀ ਗਿਣਤੀ ’ਚ ਹਾਜ਼ਰ ਟਰੱਕ ਅਾਪ੍ਰੇਟਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਟ੍ਰਾਂਸਪੋਰਟ ਦਾ ਧੰਦਾ ਘਾਟੇ ਵਾਲਾ ਹੁੰਦਾ ਜਾ ਰਿਹਾ ਹੈ। ਸਰਕਾਰ ਵੱਲੋਂ ਡੀਜ਼ਲ/ਪੈਟਰੋਲ ਨੂੰ ਜੀ.ਐੱਸ.ਟੀ. ਤੋਂ ਬਾਹਰ ਰੱਖਿਆ ਗਿਆ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਅਸਮਾਨੀ ਪਹੁੰਚ ਗਈਆਂ ਹਨ ਪਰ ਕਿਰਾਇਆ ਉਥੇ ਹੀ ਖਡ਼੍ਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਡੀਜ਼ਲ ਅਤੇ ਪੈਟਰੋਲ ਨੂੰ ਜੀ.ਐੱਸ.ਟੀ. ਦੇ ਘੇਰੇ ’ਚ ਨਹੀਂ ਲਿਆਂਦੀ ਅਤੇ ਟੋਲ ਟੈਕਸ ਅਤੇ ਇੰਸ਼ੋਰੈਂਸਾਂ ਦੀਆਂ ਕੀਮਤਾਂ ਘੱਟ ਨਹੀਂ ਕਰਦੀ, ਉਦੋਂ ਤੱਕ ਆਲ ਇੰਡੀਆ ਟ੍ਰਾਂਸਪੋਰਟ ਯੂਨੀਅਨ ਦੇ ਸੱਦੇ ’ਤੇ ਕੰਮ ਕਾਜ ਠੱਪ ਰਹੇਗਾ। ਇਸ ਮੌਕੇ ਪ੍ਰਵੀਨ ਸ਼ਰਮਾ, ਧਰਮਪਾਲ ਸੋਢੀ, ਅਮਰਜੀਤ ਸਿੰਘ, ਸਤੀਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਵੀ ਹਾਜ਼ਰ ਸਨ।
