ਮਾਂ ਦੀ ਇਕ ਗਲਤੀ ਨੇ ਮਾਸੂਮ ਨੂੰ ਬਣਾਇਆ ਅਪਾਹਿਜ, ਹਾਦਸਾ ਇੰਨਾ ਭਿਆਨਕ ਕਿ ਦੇਖਣ ਵਾਲਿਆਂ ਦੇ ਵੀ ਨਿਕਲੇ ਤ੍ਰਾਹ

07/22/2017 7:03:08 PM

ਜਲੰਧਰ(ਗੁਲਸ਼ਨ)— ਸਿਟੀ ਰੇਲਵੇ ਸਟੇਸ਼ਨ 'ਤੇ ਸ਼ੁੱਕਰਵਾਰ ਤੜਕੇ 3 ਵਜੇ ਚਲਦੀ ਹੋਈ ਜਨਨਾਇਕ ਐਕਸਪ੍ਰੈੱਸ 'ਚੋਂ ਉਤਰਣ ਦੀ ਕੋਸ਼ਿਸ਼ ਕਰਦਿਆਂ ਸਾਢੇ 7 ਸਾਲ ਦਾ ਇਕ ਬੱਚਾ ਰੇਲਵੇ ਲਾਈਨਾਂ ਵਿਚ ਡਿੱਗ ਕੇ ਟਰੇਨ ਦੀ ਲਪੇਟ ਵਿਚ ਆ ਗਿਆ। ਟਰੇਨ ਦੀ ਲਪੇਟ ਵਿਚ ਆਉਣ ਨਾਲ ਬੱਚੇ ਦਾ ਖੱਬਾ ਪੈਰ ਕੱਟਿਆ ਗਿਆ। ਇਹ ਹਾਦਸਾ ਮਾਂ ਦੀ ਇਕ ਗਲਤੀ ਦੇ ਕਾਰਨ ਵਾਪਰਿਆ। ਇਸ ਹਾਦਸੇ ਨੂੰ ਦੇਖ ਕੇ ਉਥੇ ਮੌਜੂਦ ਹਰ ਕਿਸੇ ਦਾ ਤ੍ਰਾਹ ਨਿਕਲ ਗਿਆ। 
ਜਾਣਕਾਰੀ ਮੁਤਾਬਕ ਜਨਨਾਇਕ ਐਕਸਪ੍ਰੈੱਸ ਤੜਕੇ 3 ਵਜੇ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ -1 'ਤੇ ਪਹੁੰਚੀ। ਟਰੇਨ ਵਿਚ ਸ਼ੱਤਰੂਘਨ ਨਾਂ ਦਾ ਵਿਅਕਤੀ ਆਪਣੇ ਪਰਿਵਾਰ ਨਾਲ ਸਫਰ ਕਰ ਰਿਹਾ ਸੀ। ਉਨ੍ਹਾਂ ਨੇ ਜਲੰਧਰ ਸਿਟੀ ਸਟੇਸ਼ਨ 'ਤੇ ਉਤਰਣਾ ਸੀ। ਉਨ੍ਹਾਂ ਨੂੰ ਸਟੇਸ਼ਨ ਆਉਣ ਦਾ ਪਤਾ ਨਹੀਂ ਲੱਗਾ ਪਰ ਜਦੋਂ ਟਰੇਨ ਅੰਮ੍ਰਿਤਸਰ ਲਈ ਚੱਲਣ ਲੱਗੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਜਲੰਧਰ ਸਟੇਸ਼ਨ ਸੀ। ਸ਼ੱਤਰੂਘਨ ਆਪਣੀ 8 ਸਾਲ ਦੀ ਬੇਟੀ ਅਲਕਾ ਨੂੰ ਕੁੱਛੜ ਚੁੱਕ ਕੇ ਚਲਦੀ ਟਰੇਨ ਵਿਚੋਂ ਉਤਰ ਗਿਆ, ਜਦੋਂਕਿ ਉਸ ਦੀ ਪਤਨੀ ਮੰਜੂ ਦੇਵੀ ਅਤੇ ਬੇਟਾ ਕਿਸ਼ਨ ਕੁਮਾਰ ਟਰੇਨ ਵਿਚ ਹੀ ਰਹਿ ਗਏ। ਪਤੀ ਦੇ ਉਤਰਣ ਤੋਂ ਬਾਅਦ ਮੰਜੂ ਨੇ ਵੀ ਆਪਣੇ ਬੇਟੇ ਕਿਸ਼ਨ ਨੂੰ ਚੁੱਕ ਕੇ ਚਲਦੀ ਟਰੇਨ ਵਿਚੋਂ ਉਤਰਣ ਦੀ ਕੋਸ਼ਿਸ਼ ਕੀਤੀ ਪਰ ਉਹ ਡਿੱਗ ਪਈ, ਜਿਸ ਦੇ ਸਿੱਟੇ ਵਜੋਂ ਉਸ ਦਾ ਬੇਟਾ ਕਿਸ਼ਨ ਕੁਮਾਰ ਰੇਲਵੇ ਲਾਈਨਾਂ ਵਿਚ ਜਾ ਡਿੱਗਿਆ। 
ਡਿੱਗਣ ਤੋਂ ਬਾਅਦ ਕਿਸ਼ਨ ਕੁਮਾਰ ਦੇ ਖੱਬੇ ਪੈਰ ਉਪਰੋਂ ਟਰੇਨ ਲੰਘ ਗਈ ਅਤੇ ਉਸ ਦਾ ਪੈਰ ਕੱਟਿਆ ਗਿਆ। ਸਟੇਸ਼ਨ 'ਤੇ ਦਰਦਨਾਕ ਹਾਦਸਾ ਹੁੰਦਿਆਂ ਹੀ ਹਫੜਾ-ਦਫੜੀ ਮਚ ਗਈ। ਮੌਕੇ 'ਤੇ ਖੜ੍ਹੇ ਲੋਕਾਂ ਨੇ ਰੇਲਵੇ ਪੁਲਸ ਦੀ ਸਹਾਇਤਾ ਨਾਲ ਬੱਚੇ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਬਾਅਦ ਵਿਚ ਡਾਕਟਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ। ਸ਼ੱਤਰੂਘਨ ਜ਼ਿਲਾ ਮੁਜ਼ੱਫਰਪੁਰ ਦਾ ਰਹਿਣ ਵਾਲਾ ਹੈ ਅਤੇ ਕਪੂਰਥਲਾ ਦੇ ਨੇੜੇ ਪਿੰਡ ਵਰਿਆਣਾ ਵਿਚ ਖੇਤੀਬਾੜੀ ਦਾ ਕੰਮ ਕਰਦਾ ਹੈ।


Related News