ਟ੍ਰੈਫਿਕ ਇੰਚਾਰਜ ਦੀ ਗੱਡੀ ਟਕਰਾਉਣ ’ਤੇ ਜਨਤਾ ਨਾਲ ਹੋਈ ਝੜਪ, ਥਾਣੇਦਾਰ ਨੂੰ ਲਾਈਨ ਹਾਜ਼ਰ
Tuesday, Mar 15, 2022 - 03:57 PM (IST)
ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਦੇਰ ਰਾਤ ਪੁਰਾਣੀ ਸਬਜੀ ਮੰਡੀ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਦੀ ਗੱਡੀ ਅਚਾਨਕ ਹੀ ਰਾਹ ਜਾਂਦੀ ਗੱਡੀ ਨਾਲ ਟਕਰਾਅ ਗਈ ਤਾਂ ਲੋਕਾਂ ਦਾ ਇਕੱਠ ਹੋ ਗਿਆ। ਲੋਕਾਂ ਨੇ ਮੌਕੇ ’ਤੇ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਨ੍ਹਾਂ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਪਾ ਦਿੱਤਾ। ਉਥੇ ਮੌਜੂਦ ਲੋਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਟ੍ਰੈਫਿਕ ਇੰਚਾਰਜ ਨੇ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ। ਪੁਲਸ ਨੇ ਸੋਸ਼ਲ ਮੀਡੀਆ ’ਤੇ ਪਈ ਵੀਡੀਓ ਦੇ ਆਧਾਰ ਤੇ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਖ਼ਿਲਾਫ ਐਕਸ਼ਨ ਲਿਆ ਹੈ।
ਪੁਲਸ ਵਿਭਾਗ ਨੇ ਸ਼ੋਸ਼ਲ ਮੀਡੀਆ ’ਤੇ ਵੀਡੀਓ ਪੈਣ ’ਤੇ ਕੀਤੀ ਥਾਣੇਦਾਰ ਖ਼ਿਲਾਫ ਕਾਰਵਾਈ
ਇਸ ਸਬੰਧ ਜਦੋਂ ਡੀ. ਐੱਸ. ਪੀ. ਐੱਚ. ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਕੋਲ ਕਿਸੇ ਵਿਅਕਤੀ ਨੇ ਲਿਖਤੀ ਸ਼ਿਕਾਇਤ ਤਾਂ ਨਹੀਂ ਦਿੱਤੀ ਪਰ ਪੁਲਸ ਨੇ ਸੋਸ਼ਲ ਮੀਡੀਆ ’ਤੇ ਪਈਆਂ ਵੀਡੀਓ ਦੇ ਆਧਾਰ ’ਤੇ ਥਾਣੇਦਾਰ ਪਵਨ ਕੁਮਾਰ ਖ਼ਿਲਾਫ ਐਕਸ਼ਨ ਲਿਆ ਹੈ। ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਕਿਉਂਕਿ ਜਨਤਕ ਥਾਂ ’ਤੇ ਇਸ ਤਰ੍ਹਾਂ ਦਾ ਹੰਗਾਮਾ ਨਹੀਂ ਹੋਣਾ ਚਾਹੀਦਾ ਸੀ। ਇਸ ਕਰਕੇ ਪੁਲਸ ਵਿਭਾਗ ਵਲੋਂ ਇਹ ਐਕਸ਼ਨ ਲਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮਗਰੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਸਬੰਧੀ ਜਦੋਂ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨਾਲ ਇਸ ਸਬੰਧੀ ਵਿਚ ਉਨ੍ਹਾਂ ਦੇ ਮੋਬਾਈਲ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।