ਵਪਾਰੀ ਦਾ ਦਾਅਵਾ, ਜਲੰਧਰ ਦਾ ਜਿਊਲਰ ਦੁਬਈ ’ਚ 100 ਕਰੋੜ ਦਾ ਫਰਾਡ ਕਰਕੇ ਭਾਰਤ ਮੁੜਿਆ, ਬੇਟੇ ਅੰਡਰਗਰਾਊਂਡ

Saturday, Feb 26, 2022 - 07:18 PM (IST)

ਜਲੰਧਰ (ਜ. ਬ.)– ਦੁਬਈ ਵਿਚ ਸੋਨਾ ਅਤੇ ਚਾਂਦੀ ਦੇ ਭਾਰਤੀ ਮੂਲ ਦੇ ਕਾਰੋਬਾਰੀ ਨੇ ਜਲੰਧਰ ਦੇ ਫਰਾਡੀ ਜਿਊਲਰ ’ਤੇ ਦੁਬਈ ਵਿਚ ਕੁੱਲ 100 ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲਾਏ ਹਨ। ਇਸ ਜਿਊਲਰ ਦੀ ਭਗਵਾਨ ਵਾਲਮੀਕਿ ਚੌਂਕ ਵਿਚ ਦੁਕਾਨ ਹੁੰਦੀ ਸੀ, ਜੋ ਕਾਫ਼ੀ ਸਮੇਂ ਤੋਂ ਬੰਦ ਹੈ। ਦੋਸ਼ ਲਾਉਣ ਵਾਲੇ ਵਪਾਰੀ ਦਾ ਕਹਿਣਾ ਹੈ ਕਿ ਉਕਤ ਜਿਊਲਰ ਨੇ ਇਕੱਲੇ ਉਸ ਨਾਲ ਹੀ 6 ਕਰੋੜ ਰੁਪਏ ਦਾ ਫਰਾਡ ਕੀਤਾ ਹੈ, ਜਦਕਿ ਬੈਂਕਾਂ ਤੋਂ ਲੋਨ ਲੈ ਕੇ ਉਸ ਨੇ ਪੈਸੇ ਨਹੀਂ ਮੋੜੇ। ਜਦੋਂ ਉਸ ਦੇ ਚੈੱਕ ਬਾਊਂਸ ਹੋਏ ਤਾਂ ਕਾਨੂੰਨੀ ਕਾਰਵਾਈ ਹੋਣ ਤੋਂ ਪਹਿਲਾਂ ਹੀ ਉਹ ਭਾਰਤ ਵਾਪਸ ਭੱਜ ਆਇਆ।

ਵਪਾਰੀ ਦਾ ਕਹਿਣਾ ਹੈ ਕਿ ਉਸ ਦੇ 6 ਕਰੋੜ ਰੁਪਏ ਫਸਣ ਤੋਂ ਬਾਅਦ ਉਹ ਪਰਿਵਾਰ ਸਮੇਤ ਭਾਰਤ ਵਾਪਸ ਆਇਆ ਪਰ ਜਲੰਧਰ ਪੁਲਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਜਦੋਂ ਜਾਂਚ ਵਿਚ ਜਿਊਲਰ ਦੋਸ਼ੀ ਨਿਕਲਿਆ ਤਾਂ ਉਸ ਦੇ ਬਾਵਜੂਦ ਪੁਲਸ ਉਸ ਨੂੰ ਨਾਮਜ਼ਦ ਨਹੀਂ ਕਰ ਰਹੀ, ਜਦੋਂ ਕਿ ਉਹ ਸ਼ਰੇਆਮ ਘੁੰਮ ਰਿਹਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਸੋਨੀ ਪੁੱਤਰ ਨੰਦ ਕਿਸ਼ੋਰ ਨਿਵਾਸੀ ਵਿਵੇਕਾਨੰਦ ਕਾਲੋਨੀ, ਜੈਪੁਰ ਨੇ ਦੱਸਿਆ ਕਿ ਉਹ 2010 ਵਿਚ ਦੁਬਈ ਵਿਚ ਆਪਣਾ ਕਾਰੋਬਾਰ ਕਰਨ ਗਿਆ ਸੀ। ਉਹ ਭਾਰਤ ਤੋਂ ਸੋਨਾ-ਚਾਂਦੀ ਮੰਗਵਾ ਕੇ ਦੁਬਈ ਵਿਚ ਹੋਲਸੇਲ ’ਤੇ ਵੇਚਣ ਦਾ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਜਲੰਧਰ ਦੇ ਨਿਜਾਤਮ ਨਗਰ ਦਾ ਰਹਿਣ ਵਾਲਾ ਵਿਅਕਤੀ ਵੀ ਆਪਣੇ 2 ਬੇਟਿਆਂ ਨਾਲ ਦੁਬਈ ਵਿਚ ਜਿਊਲਰੀ ਦਾ ਕੰਮ ਕਰਦਾ ਸੀ, ਜਿਸ ਦੀਆਂ ਉਥੇ 2 ਦੁਕਾਨਾਂ ਸਨ। 2015 ਵਿਚ ਉਸਦੀ ਉਸ ਜਿਊਲਰ ਨਾਲ ਮੁਲਾਕਾਤ ਹੋਈ ਅਤੇ ਉਸ ਨੇ ਉਸ ਨੂੰ ਆਪਣੇ ਨਾਲ ਕਾਰੋਬਾਰ ਸ਼ੁਰੂ ਕਰਨ ਲਈ ਕਿਹਾ।

ਇਹ ਵੀ ਪੜ੍ਹੋ: ਏਜੰਟਾਂ ਦੀ ਖੇਡ, ਯੂਰਪ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਭੇਜਿਆ ਯੂਕ੍ਰੇਨ, ਇੰਝ ਵਿਛਾਇਆ ਜਾਂਦੈ ਜਾਲ

ਰਾਹੁਲ ਸੋਨੀ ਨੇ ਕਿਹਾ ਕਿ ਉਕਤ ਵਿਅਕਤੀ ਨੇ ਦਾਅਵਾ ਕੀਤਾ ਕਿ ਭਗਵਾਨ ਵਾਲਮੀਕਿ ਚੌਕ ਵਿਚ ਉਸਦੀ ਬਹੁਤ ਵੱਡੀ ਦੁਕਾਨ ਹੈ। ਉਸ ਦੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਉਸ ਨੂੰ ਸੋਨਾ-ਚਾਂਦੀ ਦੇਣਾ ਸ਼ੁਰੂ ਕਰ ਦਿੱਤਾ। ਸਾਲ-ਡੇਢ ਸਾਲ ਤੱਕ ਉਕਤ ਜਿਊਲਰ ਰਾਹੁਲ ਨੂੰ ਸਮੇਂ ’ਤੇ ਪੇਮੈਂਟ ਕਰਦਾ ਰਿਹਾ ਪਰ ਬਾਅਦ ਵਿਚ ਉਸ ਨੇ ਪੇਮੈਂਟ ਦੇਰੀ ਨਾਲ ਦੇਣੀ ਸ਼ੁਰੂ ਕਰ ਦਿੱਤੀ। ਰਾਹੁਲ ਦਾ ਕਹਿਣਾ ਹੈ ਕਿ ਸੋਨਾ-ਚਾਂਦੀ ਲੈਂਦੇ-ਲੈਂਦੇ ਉਸ ਦੇ ਜਿਊਲਰ ਵੱਲ 6 ਕਰੋੜ ਰੁਪਏ ਇਕੱਠੇ ਹੋ ਗਏ ਅਤੇ ਫਿਰ ਉਸ ਨੇ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਪੀੜਤ ਨੂੰ ਬਾਅਦ ਵਿਚ ਪਤਾ ਲੱਗਾ ਕਿ ਮਲਜ਼ਮ ਨੇ ਹੋਰ ਵੀ ਸੋਨਾ-ਚਾਂਦੀ ਦੇ ਕਾਰੋਬਾਰੀਆਂ ਦੇ ਪੈਸੇ ਦੇਣੇ ਹਨ। ਇਸ ਤੋਂ ਇਲਾਵਾ ਉਕਤ ਜਿਊਲਰ ਨੇ ਬੈਂਕਾਂ ਤੋਂ ਵੀ ਲੋਨ ਲਏ ਹੋਏ ਸਨ। ਪੀੜਤ ਦਾ ਦਾਅਵਾ ਹੈ ਕਿ ਦੁਬਈ ਵਿਚ ਉਕਤ ਜਿਊਲਰ 100 ਕਰੋੜ ਰੁਪਏ ਦਾ ਕਰਜ਼ਾਈ ਹੋ ਗਿਆ। ਦੁਬਈ ਦੇ ਲੋਕਾਂ ਨੇ ਜਦੋਂ ਉਸਦੇ ਚੈੱਕ ਲਾਉਣੇ ਸ਼ੁਰੂ ਕੀਤੇ ਤਾਂ ਉਹ ਬਾਊਂਸ ਹੋਣੇ ਸ਼ੁਰੂ ਹੋ ਗਏ ਅਤੇ ਜਿਊਲਰ ਝਕਾਨੀ ਦੇ ਕੇ ਕਾਨੂੰਨੀ ਕਾਰਵਾਈ ਤੋਂ ਪਹਿਲਾਂ ਹੀ ਦੁਬਈ ਤੋਂ ਭਾਰਤ ਭੱਜ ਆਇਆ, ਜਦੋਂ ਕਿ ਉਸਦੇ ਦੋਵੇਂ ਬੇਟੇ ਅੰਡਰਗਰਾਊਂਡ ਹੋ ਗਏ।

ਜਨਵਰੀ 2017 ਵਿਚ ਉਸ ਨੂੰ ਪਤਾ ਲੱਗਾ ਕਿ ਜਿਊਲਰ ਫਰਾਡ ਕਰਨ ਤੋਂ ਬਾਅਦ ਜਲੰਧਰ ਦੇ ਨਿਜਾਤਮ ਨਗਰ ਵਿਚ ਰਹਿ ਰਿਹਾ ਹੈ। ਉਸੇ ਸਮੇਂ ਉਹ ਭਾਰਤ ਆਇਆ ਅਤੇ ਉਸ ਕੋਲੋਂ ਪੈਸੇ ਵਾਪਸ ਦੇਣ ਦੀ ਮੰਗ ਕੀਤੀ। ਉਦੋਂ ਵੀ ਜਿਊਲਰ ਨੇ ਉਸ ਨੂੰ ਪੈਸੇ ਦੇਣ ਦਾ ਭਰੋਸਾ ਦਿੱਤਾ ਪਰ ਬਾਅਦ ਵਿਚ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਰਾਹੁਲ ਸੋਨੀ ਦਾ ਕਹਿਣਾ ਹੈ ਕਿ 6 ਕਰੋੜ ਵਿਚੋਂ ਕਾਫ਼ੀ ਪੇਮੈਂਟ ਉਸ ਨੇ ਅੱਗੇ ਦੇਣੀ ਸੀ, ਜਿਸ ਕਾਰਨ ਦੁਬਈ ਦੇ ਕਾਰੋਬਾਰੀਆਂ ਨੇ ਉਸ ਖ਼ਿਲਾਫ਼ ਸ਼ਿਕਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਹ ਵੀ 2017 ਵਿਚ ਪਰਿਵਾਰ ਨਾਲ ਜੈਪੁਰ ਆ ਗਿਆ ਅਤੇ ਜਲੰਧਰ ਆ ਕੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਦੋਸ਼ ਹੈ ਕਿ ਇਕ ਆਈ. ਪੀ. ਐੱਸ. ਅਧਿਕਾਰੀ ਕੋਲ ਉਸਦੀ ਸ਼ਿਕਾਇਤ ਸੀ ਪਰ ਇਸੇ ਦੌਰਾਨ ਇਕ ਸਾਬਕਾ ਡੀ. ਸੀ. ਪੀ. ਨੇ ਉਸ ਨੂੰ ਫੋਨ ਕਰਕੇ ਧਮਕਾਇਆ ਅਤੇ ਜੈਪੁਰ ਤੋਂ ਤੁਰੰਤ ਜਲੰਧਰ ਆਉਣ ਨੂੰ ਕਿਹਾ।

ਇਹ ਵੀ ਪੜ੍ਹੋ: MBBS ਕਰਨ ਲਈ ਯੂਕ੍ਰੇਨ ਗਈਆਂ ਕਪੂਰਥਲਾ ਜ਼ਿਲ੍ਹੇ ਦੀਆਂ 4 ਕੁੜੀਆਂ ਫਸੀਆਂ

ਰਾਹੁਲ ਸੋਨੀ ਨੇ ਤੁਰੰਤ ਜਲੰਧਰ ਆ ਕੇ ਆਈ. ਪੀ. ਐੱਸ. ਅਧਿਕਾਰੀ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਸਾਬਕਾ ਡੀ. ਸੀ. ਪੀ. ਨੇ ਉਸ ਨੂੰ ਤੰਗ ਕਰਨਾ ਬੰਦ ਕੀਤਾ। ਰਾਹੁਲ ਦਾ ਕਹਿਣਾ ਹੈ ਕਿ ਆਈ. ਪੀ. ਐੱਸ. ਅਧਿਕਾਰੀ ਨੇ ਦੋਵਾਂ ਪਾਰਟੀਆਂ ਨੂੰ ਆਪਣੇ ਕੋਲ ਬੁਲਾਇਆ ਪਰ ਜਦੋਂ ਜਿਊਲਰ ਆਇਆ ਤਾਂ ਉਸਨੇ ਦੁਬਾਰਾ ਉਸ ਨੂੰ ਧਮਕਾਇਆ ਪਰ ਨਜ਼ਰਅੰਦਾਜ਼ ਕਰਨ ’ਤੇ ਜਿਊਲਰ ਨੇ ਉਸ ਨੂੰ ਡੇਢ ਕਰੋੜ ਰੁਪਏ ਦਾ ਚੈੱਕ ਦੇ ਦਿੱਤਾ ਅਤੇ ਉਹ ਵੀ ਬਾਊਂਸ ਹੋ ਗਿਆ। ਹੁਣ ਵੀ ਜਿਊਲਰ ਜਲੰਧਰ ਦੇ ਕੁਝ ਅਪਰਾਧਿਕ ਅਕਸ ਵਾਲੇ ਲੋਕਾਂ ਕੋਲੋਂ ਉਸ ਨੂੰ ਫੋਨ ਕਰਵਾ ਕੇ ਧਮਕਾਉਂਦਾ ਹੈ।

ਪੀੜਤ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਐੱਸ. ਆਈ. ਟੀ. ਵੀ ਬਣੀ ਸੀ, ਜਿਸ ਦੀ ਜਾਂਚ ਰਿਪੋਰਟ ਵਿਚ ਜਿਊਲਰ ’ਤੇ ਦੋਸ਼ ਵੀ ਸਹੀ ਨਿਕਲੇ ਪਰ ਇਸ ਦੇ ਬਾਵਜੂਦ ਉਸ ’ਤੇ ਕੋਈ ਕਾਰਵਾਈ ਨਹੀਂ ਹੋਈ। ਦੁਬਈ ਤੋਂ ਭਾਰਤ ਪਰਤੇ ਕਾਰੋਬਾਰੀ ਨੇ ਪੁਲਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਕਤ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਕਤ ਜਿਊਲਰ ਨੇ ਜਿਹਡ਼ੀਆਂ ਜਾਇਦਾਦਾਂ ਆਪਣੇ ਨਾਂ ’ਤੇ ਖਰੀਦੀਆਂ ਹਨ, ਉਹ ਆਪਣੇ ਰਿਸ਼ਤੇਦਾਰਾਂ ਦੇ ਨਾਂ ਕਰ ਰਿਹਾ ਹੈ। ਉਸ ਨੇ ਉਨ੍ਹਾਂ ਸਾਰੀਆਂ ਰਜਿਸਟਰੀਆਂ ਦੀ ਡਿਟੇਲ ਵੀ ਕਢਵਾ ਲਈ ਹੈ।

ਇਹ ਵੀ ਪੜ੍ਹੋ: ਰੂਪਨਗਰ ਦੇ ਪਿੰਡ ਕਟਲੀ ਦੀ ਕੁੜੀ ਯੂਕ੍ਰੇਨ ’ਚ ਫਸੀ, ਮਾਪਿਆਂ ਨੇ ਕੇਂਦਰ ਸਰਕਾਰ ਕੋਲ ਲਾਈ ਮਦਦ ਦੀ ਗੁਹਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News