ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ, ਬੇਅਦਬੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਪੜ੍ਹੋ Top 10
Tuesday, Jan 10, 2023 - 09:46 PM (IST)
ਜਲੰਧਰ: ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਤਾਂ ਉੱਧਰ ਪਿੰਡ ਫਤਿਹਪੁਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਸਤਾਰ ਸਜਾ ਕੇ ਨਤਮਸਤਕ ਹੋਏ ਰਾਹੁਲ ਗਾਂਧੀ
ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੱਥਾ ਟੇਕਿਆ। ਸਿਰ 'ਤੇ ਦਸਤਾਰ ਸਜਾਈ ਰਾਹੁਲ ਗਾਂਧੀ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਨ੍ਹਾਂ ਨੂੰ ਅਜਿਹੀ ਦਿਖ ਵਿੱਚ ਵੇਖ ਕੇ ਲੋਕ ਹੈਰਾਨ ਹੋ ਗਏ।
ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
ਕਮਿਸ਼ਨਰੇਟ ਪੁਲਸ ਦੀ ਪ੍ਰਤਾਪਪੁਰਾ ਚੌਂਕੀ ਅਧੀਨ ਪੈਂਦੇ ਪਿੰਡ ਫਤਿਹਪੁਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਪ੍ਰਤਾਪਪੁਰਾ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਰਣਜੀਤ ਸਿੰਘ ਵੱਲੋਂ ਦਿੱਤੀ ਗਈ ਹੈ। ਦੋਸ਼ੀ ਦੀ ਪਛਾਣ ਪਿੰਡ ਫਤਿਹਪੁਰ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੇ ਤੌਰ 'ਤੇ ਕੀਤੀ ਗਈ ਹੈ।
ਇੰਝ ਉੱਜੜਣਗੀਆਂ ਖ਼ੁਸ਼ੀਆਂ ਸੋਚਿਆ ਨਾ ਸੀ, ਜਵਾਨੀ ਦੀ ਬਰੂਹੇ ਪਹੁੰਚਣ ਤੋਂ ਪਹਿਲਾਂ ਪੁੱਤ ਨੂੰ ਮੌਤ ਨੇ ਪਾਇਆ ਘੇਰਾ
ਅੰਮ੍ਰਿਤਸਰ ਦੇ ਖਾਸਾ ਰੋਡ ’ਤੇ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇਕ 17 ਸਾਲਾ ਨਾਬਾਲਿਗ ਲੜਕਾ ਸਕੂਟੀ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਆ ਰਿਹਾ ਸੀ ਅਤੇ ਰਸਤੇ ਵਿਚ ਇਕ ਇਨੋਵਾ ਗੱਡੀ ਨੇ ਉਸ ਨੂੰ ਟੱਕਰ ਮਾਰੀ ਗਈ ਜਿਸ ਵਿਚ ਮੁੰਡੇ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਮ ਜਤਿਨ ਖੰਨਾ ਦੱਸਿਆ ਜਾ ਰਿਹਾ ਹੈ, ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਸਪੁਰਦ ਕਰ ਦਿੱਤਾ ਹੈ।
3 ਬੱਚਿਆਂ ਦੀ ਮਾਂ ਦੇ ਪਿਆਰ ’ਚ ਫਸਿਆ 22 ਸਾਲ ਦਾ ਮੁੰਡਾ, ਹੁਣ ਕੀੜੇ ਪਈ ਮਿਲੀ ਲਾਸ਼ (ਵੀਡੀਓ)
ਬਟਾਲਾ ਦੇ ਗੁਰੂ ਨਾਨਕ ਨਗਰ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਤਿੰਨ ਬੱਚਿਆਂ ਦੀ ਮਾਂ ਨਾਲ ਲੀਵਿੰਗ ਤੌਰ ’ਤੇ ਕਿਰਾਏ ਦੇ ਮਕਾਨ ’ਚ ਰਹਿ ਰਹੇ 22 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਗਲੀ ਹੋਈ ਲਾਸ਼ ਮਿਲੀ। ਪੁਲਸ ਨੇ ਮੌਕੇ ’ਤੇ ਪੁਹੰਚ ਕੇ ਘਰ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ।
ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਝਟਕਾ ਦਿੱਤਾ ਹੈ। ਅਦਾਲਤ ਨੇ ਸੁੰਦਰ ਸ਼ਾਮ ਅਰੋੜਾ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਸੁੰਦਰ ਸ਼ਾਮ ਅਰੋੜਾ ਅਤੇ ਆਈ. ਏ. ਐੱਸ. ਅਧਿਕਾਰੀ ਨੀਲਮਾ ਸਮੇਤ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ 10 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ।
ਪਿਓ ਦੇ ਨਾਂ 'ਤੇ ਧੱਬਾ; ਧੀ ਦੇ ਰੋਣ ਦੀ ਆਵਾਜ਼ ਤੋਂ ਦੁਖੀ ਹੋ ਕੰਧ 'ਚ ਮਾਰਿਆ ਸਿਰ, ਫਿਰ ਝਾੜੀਆਂ 'ਚ ਸੁੱਟਿਆ
ਗੁਜਰਾਤ ਦੇ ਰਾਜਕੋਟ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਤਰੇਏ ਪਿਓ ਨੇ ਆਪਣੀ ਢਾਈ ਸਾਲ ਦੀ ਧੀ ਦਾ ਕਤਲ ਕਰ ਦਿੱਤਾ, ਕਿਉਂਕਿ ਉਹ ਰੋ ਰਹੀ ਸੀ। ਪਿਓ ਉਸ ਦੇ ਰੋਣ ਦੀ ਆਵਾਜ਼ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਗੁੱਸੇ ਵਿਚ ਆ ਕੇ ਉਸ ਨੇ ਪਹਿਲਾਂ ਧੀ ਦਾ ਸਿਰ ਕੰਧ 'ਚ ਮਾਰਿਆ। ਨਿਰਦਈ ਪਿਓ ਇੱਥੇ ਹੀ ਨਹੀਂ ਰੁੱਕਿਆ ਉਸ ਨੇ ਗਲ਼ ਘੁੱਟ ਕੇ ਬੱਚੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਆਪਣੇ ਸੀਨੇ ਨਾਲ ਲਾ ਕੇ ਝਾੜੀਆਂ ਵਿਚ ਸੁੱਟ ਆਇਆ। ਪੁਲਸ ਨੇ ਦੋਸ਼ੀ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੰਜਾਬ ਦੇ ਨਵੇਂ ਨਿਯੁਕਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੰਭਾਲਿਆ ਅਹੁਦਾ
ਪੰਜਾਬ ਦੇ ਸਿਹਤ ਮੰਤਰੀ ਦਾ ਅਹੁਦਾ ਡਾ. ਬਲਬੀਰ ਸਿੰਘ ਵੱਲੋਂ ਸੰਭਾਲ ਲਿਆ ਗਿਆ ਹੈ। ਡਾ. ਬਲਬੀਰ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਅਮਨ ਅਰੋੜਾ ਵੀ ਮੌਜੂਦ ਰਹੇ। ਆਪਣਾ ਅਹੁਦਾ ਸੰਭਾਲਦੇ ਹੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਸਿਹਤਮੰਦ ਬਣਾਉਣਾ ਹੈ ਅਤੇ 100 ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ 500 ਆਮ ਆਦਮੀ ਕਲੀਨਿਕ ਖੋਲ੍ਹਣ ਦਾ ਟੀਚਾ ਹੈ।
ਬੰਬ ਦੀ ਧਮਕੀ: ਮਾਸਕੋ ਤੋਂ ਆ ਰਿਹਾ ਜਹਾਜ਼ ਜਾਮਨਗਰ 'ਚ ਰੁਕਿਆ, 15 ਘੰਟੇ ਬਾਅਦ ਪੁੱਜਿਆ ਗੋਆ
ਗੁਜਰਾਤ ਦੇ ਜਾਮਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ 'ਚ ਉਤਰਨ ਵਾਲਾ ਏਅਰਲਾਈਨ 'ਅਜ਼ੂਰ ਏਅਰ' ਦਾ ਜਹਾਜ਼ ਮੰਗਲਵਾਰ ਦੁਪਹਿਰ ਗੋਆ ਪੁੱਜਾ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ ਬੰਬ ਹੋਣ ਦੀ ਧਮਕੀ ਮਿਲਣ ਮਗਰੋਂ ਉਸ ਨੂੰ ਸੋਮਵਾਰ ਰਾਤ ਗੁਜਰਾਤ ਦੇ ਜਾਮਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ 'ਚ ਉਤਾਰਿਆ ਗਿਆ ਸੀ। ਇਸ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਗਾਰਡ ਅਤੇ ਸਥਾਨਕ ਪੁਲਸ ਟੀਮਾਂ ਨੇ ਜਹਾਜ਼ ਦੀ ਤਲਾਸ਼ੀ ਲਈ, ਜਿਸ ਵਿਚ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ।
ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਨੂੰ ਸਰਕਾਰ ਦੇਵੇਗੀ ਵਿਸ਼ੇਸ਼ ਹੈਲਮੇਟ ਦਾ ਤੋਹਫ਼ਾ
ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਨੂੰ ਜਲਦ ਹੀ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਬੈਲਿਸਟਿਕ ਹੈਲਮੇਟ ਦਾ ਤੋਹਫ਼ਾ ਮਿਲਣ ਵਾਲਾ ਹੈ। ਫ਼ੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੱਖਿਆ ਮੰਤਰਾਲਾ ਵਲੋਂ ਖਰੀਦ ਲਈ ਇਹ ਇਕ ਤਰ੍ਹਾਂ ਦਾ ਪਹਿਲਾ ਹੁਕਮ ਹੈ। ਰੱਖਿਆ ਮੰਤਰਾਲਾ ਨੇ ਐਮਰਜੈਂਸੀ ਖਰੀਦ ਪ੍ਰਕਿਰਿਆ ਤਹਿਤ 12,730 ਹੈਲਮੇਟ ਖਰੀਦਣ ਲਈ ਰਿਕਵੈਸਟ ਫ਼ਾਰ ਪ੍ਰਪੋਜ਼ਲ ਜਾਰੀ ਕੀਤਾ ਹੈ।
ਮੋਗਾ ਵਾਪਰੇ ਹਾਦਸਿਆਂ ਦੌਰਾਨ 9 ਸਾਲਾ ਲੜਕੀ ਸਮੇਤ ਦੋ ਦੀ ਮੌਤ
ਮੋਗਾ ਜ਼ਿਲ੍ਹੇ ਅੰਦਰ ਵਾਪਰੇ ਵੱਖ-ਵੱਖ ਹਾਦਸਿਆਂ ਵਿਚ 9 ਸਾਲਾ ਲੜਕੀ ਸਮੇਤ ਦੋ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਜਾਣਕਾਰੀ ਦਿੰਦਿਆਂ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਨੇ ਦੱਸਿਆ ਕਿ ਦੀਪਕ ਕੁਮਾਰ ਨਿਵਾਸੀ ਪਿੰਡ ਪੱਤੜੀ ਯੂ.ਪੀ. ਹਾਲ ਭੱਠਾ ਗਗੜਾ ਨੇ ਕਿਹਾ ਕਿ ਉਹ ਆਪਣੀ 9 ਸਾਲਾ ਬੇਟੀ ਨਾਲ ਆਟੋ ਰਿਕਸ਼ਾ ’ਤੇ ਮੋਗਾ ਤੋਂ ਵਾਪਸ ਪਿੰਡ ਗਗੜਾ ਭੱਠੇ ’ਤੇ ਜਾ ਰਿਹਾ ਸੀ, ਜਦੋਂ ਉਸਦੀ ਬੇਟੀ ਮਾਨਸੀ ਬੱਸ ਅੱਡਾ ਗਗੜਾ ਤੋਂ ਉਤਰ ਕੇ ਸੜਕ ਪਾਰ ਕਰਨ ਲੱਗੀ ਤਾਂ ਅਣਪਛਾਤੇ ਕਾਰ ਚਾਲਕ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦਿਆਂ ਮੇਰੀ ਬੇਟੀ ਨੂੰ ਲਪੇਟ ਵਿਚ ਲੈ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।