ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

Saturday, Apr 16, 2022 - 11:17 PM (IST)

ਜਲੰਧਰ : ਭਗਵੰਤ ਮਾਨ ਸਰਕਾਰ ਨੇ ਅੱਜ ਇਤਿਹਾਸਕ ਫ਼ੈਸਲਾ ਕਰਦਿਆਂ ਪੰਜਾਬ ਵਾਸੀਆਂ ਲਈ 300 ਯੂਨਿਟ ਮੁਫ਼ਤ ਬਿਜਲੀ ਦਾ ਐਲਾਨ ਕਰ ਦਿੱਤਾ ਹੈ। ਇਸ ਦਰਮਿਆਨ ਪੰਜਾਬ ਸਰਕਾਰ ਨੇ ਅੱਜ ਫਿਰ ਵੱਡੇ ਪੱਧਰ ’ਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ। ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ, 1 ਜੁਲਾਈ ਤੋਂ ਹਰ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਹਰ ਘਰ ਨੂੰ ਪ੍ਰਤੀ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਮੁੱਖ ਮੰਤਰੀ ਨੇ ਅੱਜ ਬਿਜਲੀ ਨਿਗਮ ਵਿਚ ਭਰਤੀ 718 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਕੀਤਾ। ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਵਿਚ ਕੋਈ ਕੈਟੇਗਿਰੀ ਨਹੀਂ ਹੋਵੇਗੀ। ਗਰੀਬ ਤੋਂ ਲੈ ਕੇ ਅਮੀਰ ਪਰਿਵਾਰਾਂ ਨੂੰ ਦੋ ਮਹੀਨੇ ਵਿਚ 600 ਯੂਨਿਟ ਫ੍ਰੀ ਬਿਜਲੀ ਮਿਲੇਗੀ। 

ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਭਰਾ ਨੂੰ ਮਿਲਣ ਲੱਗੀਆਂ ਜਾਨੋਂ ਮਾਰਨ ਦੀਆਂ ਧਮਕੀਆਂ

14 ਮਾਰਚ ਨੂੰ ਨੀਂਵੀ ਮੱਲੀਅਆਂ ਵਿਖੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਕਬੱਡੀ ਖ਼ਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਗਰੋਂ ਹੁਣ ਉਨ੍ਹਾਂ ਦੇ ਵੱਡੇ ਭਰਾ ਅੰਗਰੇਜ਼ ਸਿੰਘ ਨੂੰ ਵਿਦੇਸ਼ਾਂ ’ਚ ਬੈਠੇ ਕੁਝ ਲੋਕਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਜਾ ਰਹੀਆਂ ਹਨ। ਇੰਟਰਨੈੱਟ ਕਾਲਿੰਗ ਰਾਹੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਜਾ ਰਹੀਆਂ ਹਨ। ਅੰਗਰੇਜ਼ ਸਿੰਘ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਬੈਠੇ ਇਕ ਵਿਅਕਤੀ ਨੇ ਉਨ੍ਹਾਂ ਦੇ ਵਟਸਐਪ ਨੰਬਰ ’ਤੇ ਕਾਲ ਕਰਕੇ ਕਿਹਾ ਹੈ ਕਿ ਹੁਣ ਉਹ ਸੰਦੀਪ ਵਾਂਗ ਅੰਜ਼ਾਮ ਭੁਗਤਣ ਲਈ ਤਿਆਰ ਰਹਿਣ।

ਪੰਜਾਬ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 IAS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ

ਪੰਜਾਬ ਸਰਕਾਰ ’ਚ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਸੱਤਾ ’ਚ ਆਉਂਦਿਆਂ ਹੀ ‘ਆਪ’ ਸਰਕਾਰ ਨੇ ਪੁਲਸ ਤੇ ਹੋਰ ਪ੍ਰਸ਼ਾਸਨਿਕ ਹਲਕਿਆਂ ’ਚ ਕਾਫ਼ੀ ਫੇਰਬਦਲ ਕੀਤਾ ਹੈ। ਇਸੇ ਤਹਿਤ ਅੱਜ ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਇਸ ਦੌਰਾਨ 32 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਹੋਏ ਹਨ।

ਦਿੱਲੀ ’ਚ ਸ਼ੋਭਾ ਯਾਤਰਾ ਦੌਰਾਨ ਦੋ ਧੜਿਆਂ ਵਿਚਾਲੇ ਜ਼ਬਰਦਸਤ ਝੜਪ, ਪੁਲਸ ਮੁਲਾਜ਼ਮਾਂ ਸਣੇ ਕਈ ਲੋਕ ਜ਼ਖ਼ਮੀ

ਦਿੱਲੀ ਦੇ ਜਹਾਂਗੀਰਪੁਰੀ ’ਚ ਹਨੂੰਮਾਨ ਜਯੰਤੀ ’ਤੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਦੋ ਧੜਿਆਂ ਵਿਚਾਲੇ ਜ਼ਬਰਦਸਤ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਇਕ ਧੜੇ ਵੱਲੋਂ ਸ਼ੋਭਾ ਯਾਤਰਾ ’ਤੇ ਪਥਰਾਅ ਕਰਨ ਤੋਂ ਬਾਅਦ ਮਾਹੌਲ ਬਹੁਤ ਤਣਾਅਪੂਰਣ ਹੋ ਗਿਆ। ਸ਼ਰਾਰਤੀ ਅਨਸਰਾਂ ਵੱਲੋਂ ਕਈ ਗੱਡੀਆਂ ਦੀ ਭੰਨ-ਤੋੜ ਕਰਨ ਮਗਰੋਂ ਅੱਗ ਲਾ ਦਿੱਤੀ ਗਈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਵਧੀਆਂ ਮੁਸ਼ਕਿਲਾਂ, ਫਿਰ ਤੋਂ ਖੁੱਲ੍ਹੀ ਇਹ ਵਿਵਾਦਤ ਮਾਮਲੇ ਦੀ ਫਾਈਲ

ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਇਕ ਹੋਰ ਗੀਤ ਰਾਹੀਂ ਵਿਵਾਦਾਂ ਵਿਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਵਿਚ ਫਿਰ ਤੋਂ ਵੱਧ ਗਈਆਂ ਹਨ। ਦੋ ਸਾਲ ਪਹਿਲਾਂ ਧਨੌਲਾ ਥਾਣਾ ਵਿਚ ਦਰਜ ਹੋਏ ਅਸਲਾ ਐਕਟ ਮਾਮਲੇ ਦੀ ਫਾਈਲ ਪੁਲਸ ਨੇ ਫਿਰ ਤੋਂ ਖੋਲ੍ਹ ਦਿੱਤੀ ਹੈ। ਦਰਅਸਲ ਥਾਣਾ ਧਨੌਲਾ ਵਿਖੇ 4 ਮਈ 2020 ਨੂੰ ਲਾਕਡਾਊਨ ਦਾ ਉਲੰਘਣ ਕਰਨ ਅਤੇ ਪਿੰਡ ਬਡਵਰ ਦੀ ਰਾਈਫਲ ਰੇਂਜ ਵਿਚ ਬਿਨਾਂ ਮਨਜ਼ੂਰੀ ਦੇ ਫਾਇਰਿੰਗ ਕਰਨ ਦੇ ਦੋਸ਼ ਵਿਚ ਸਿੱਧੂ ਮੂਸੇਵਾਲਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਲਾਡੋਵਾਲ ਨੇੜੇ ਵਾਪਰੀ ਦਿਲ-ਕੰਬਾਊ ਵਾਰਦਾਤ, ਗਲਾ ਵੱਢ ਕੇ ਸਤਲੁਜ ਦਰਿਆ ’ਚ ਸੁੱਟੀ ਔਰਤ ਦੀ ਲਾਸ਼

ਸਥਾਨਕ ਕਸਬਾ ਲਾਡੋਵਾਲ ਤੋਂ ਦਿਲ ਕੰਬਾਊ ਵਾਰਦਾਤ ਸਾਹਮਣੇ ਆੲੀ, ਜਿਥੇ ਸਤਲੁਜ ਦਰਿਆ ’ਚ ਅੱਜ ਸਵੇਰ 11 ਵਜੇ ਇਕ ਔਰਤ ਦੀ ਲਾਸ਼ ਪਾਣੀ ’ਚ ਤੈਰਦੀ ਹੋਈ ਦਿਖਾਈ ਦਿੱਤੀ। ਇਸ ਤੋਂ ਬਾਅਦ ਸਤਲੁਜ ਦਰਿਆ ’ਤੇ ਆਪਣੀਆਂ ਮੱਝਾਂ ਨੂੰ ਨਹਿਲਾ ਰਹੇ ਇਕ ਵਿਅਕਤੀ ਨੇ ਇਸ ਦੀ ਸੂਚਨਾ ਥਾਣਾ ਲਾਡੋਵਾਲ ਦੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਲਾਡੋਵਾਲ ਦੀ ਸਹਾਇਕ ਮੁਖੀ ਐੱਸ. ਆਈ. ਮਨਪ੍ਰੀਤ ਕੌਰ ਸੈਦੀ ਤੁਰੰਤ ਮੌਕੇ ’ਤੇ ਪੁੱਜੀ, ਜਿਨ੍ਹਾਂ ਨੇ ਸਤਲੁਜ ਦਰਿਆ ਵਿਚ ਪਾਣੀ ’ਚ ਤੈਅ ਰਹੀ ਔਰਤ ਦੀ ਲਾਸ਼ ਬਾਹਰ ਕੱਢੀ।

ਰੂਸ ਨੇ ਬ੍ਰਿਟੇਨ ਦੇ PM ਜਾਨਸਨ ਅਤੇ ਉੱਚ ਅਧਿਕਾਰੀਆਂ 'ਤੇ ਦੇਸ਼ 'ਚ ਦਾਖ਼ਲ ਹੋਣ 'ਤੇ ਲਾਈ ਪਾਬੰਦੀ

ਰੂਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਵਿਦੇਸ਼ ਮੰਤਰੀ ਐਲਿਜ਼ਾਬੈਥ ਟਰਸ, ਰੱਖਿਆ ਮੰਤਰੀ ਬੇਨ ਵੈਲੇਸ ਅਤੇ ਉਨ੍ਹਾਂ ਦੇ ਉੱਚ ਅਧਿਕਾਰੀਆਂ 'ਤੇ ਆਪਣੇ ਦੇਸ਼ ਵਿਚ ਦਾਖ਼ਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਸਾਬਕਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਆਪਣੀ ਪਾਰਟੀ ਭਾਜਪਾ ’ਤੇ ਹੀ ਖੜ੍ਹੇ ਕੀਤੇ ਸਵਾਲ

ਕੈਪਟਨ ਅਮਰਿੰਦਰ ਸਿੰਘ ਕਾਗਜ਼ੀ ਸ਼ੇਰ ਬਣ ਕੇ ਰਹਿ ਗਿਆ ਹੈ। ਭਾਜਪਾ ਦੇ ਵਰਕਰ ਅੱਜ ਵੀ ਸਰਗਰਮ ਹਨ ਅਤੇ ਪੂਰੀ ਤਾਕ ਵਿਚ ਹਨ, ਪਰ ਕੇਂਦਰ ਦੇ ਸੀਨੀਅਰ ਭਾਜਪਾ ਆਗੂਆਂ ਵੱਲੋਂ ਪੰਜਾਬ ਦੇ ਵਰਕਰਾਂ ਦੀ ਸੁਣਵਾਈ ਨਾ ਹੋਣ ਕਰਕੇ ਅੱਜ ਪੰਜਾਬ ਦਾ ਭਾਜਪਾ ਵਰਕਰ ਖ਼ਾਮੋਸ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਕੀਤਾ।


Manoj

Content Editor

Related News