5 ਮਹੀਨਿਆਂ ਬਾਅਦ ਹੋਏ ਅਟਾਰੀ ਬਾਰਡਰ ''ਤੇ ਤਿਰੰਗੇ ਦੇ ਦਰਸ਼ਨ
Thursday, Jan 25, 2018 - 06:45 AM (IST)

ਅੰਮ੍ਰਿਤਸਰ, (ਨੀਰਜ)- ਅਟਾਰੀ ਬਾਰਡਰ 'ਤੇ ਭਾਰਤ ਤੇ ਪਾਕਿਸਤਾਨ 'ਚ ਚੱਲ ਰਹੀ ਫਲੈਗ ਵਾਰ ਵਿਚ ਭਾਰੀ ਨਮੋਸ਼ੀ ਦਾ ਸਾਹਮਣਾ ਕਰਨ ਤੋਂ ਬਾਅਦ ਆਖ਼ਿਰਕਾਰ ਨਗਰ ਸੁਧਾਰ ਟਰੱਸਟ ਦੇ ਨਵੇਂ ਠੇਕੇਦਾਰ ਵੱਲੋਂ 5 ਮਹੀਨੇ ਬਾਅਦ 360 ਫੁੱਟ ਉੱਚਾ ਤਿਰੰਗਾ ਲਾ ਦਿੱਤਾ ਗਿਆ ਹੈ ਅਤੇ ਅਟਾਰੀ ਬਾਰਡਰ 'ਤੇ ਰਿਟ੍ਰੀਟ ਸੈਰੇਮਨੀ ਪਰੇਡ ਦੇਖਣ ਆਉਣ ਵਾਲੇ ਦਰਸ਼ਕਾਂ ਨੇ ਜੀ ਭਰ ਕੇ ਤਿਰੰਗੇ ਦੇ ਦਰਸ਼ਨ ਕੀਤੇ। ਪਾਕਿਸਤਾਨੀ ਖੇਮੇ ਵਿਚ ਵੀ ਪਾਕਿਸਤਾਨ ਰੇਂਜਰਸ ਨੇ ਪਿਛਲੇ ਦਿਨੀਂ ਚੱਲੀਆਂ ਤੇਜ਼ ਹਵਾਵਾਂ ਤੋਂ ਬਾਅਦ ਝੰਡਾ ਉਤਾਰਨ ਦੇ ਬਾਅਦ ਬੁੱਧਵਾਰ ਨੂੰ ਆਪਣਾ 400 ਫੁੱਟ ਉੱਚਾ ਏਸ਼ੀਆ ਦਾ ਸਭ ਤੋਂ ਵੱਡਾ ਝੰਡਾ ਲਾ ਦਿੱਤਾ ਅਤੇ ਇਕ ਵਾਰ ਫਿਰ ਤੋਂ ਪਾਕਿਸਤਾਨ ਦਾ 400 ਫੁੱਟ ਉੱਚਾ ਝੰਡਾ ਤੇ ਭਾਰਤ ਦਾ 360 ਫੁੱਟ ਉੱਚਾ ਤਿਰੰਗਾ ਆਹਮੋ-ਸਾਹਮਣੇ ਹਨ, ਹਾਲਾਂਕਿ ਤੇਜ਼ ਹਵਾਵਾਂ ਬਾਰੇ ਅਜੇ ਵੀ ਕੁਝ ਅਨੁਮਾਨ ਨਹੀਂ ਲਾਇਆ ਜਾ ਸਕਦਾ, ਜੇਕਰ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਤਿਰੰਗਾ ਫਿਰ ਤੋਂ ਉਤਾਰਿਆ ਜਾ ਸਕਦਾ ਹੈ।
ਉਥੇ ਹੀ ਤਿਰੰਗਾ ਫਟਣ ਦੇ ਮਾਮਲੇ 'ਚ ਇਕ ਹੋਰ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ। ਜਿਸ ਪੋਲ 'ਤੇ 360 ਫੁੱਟ ਉੱਚਾ ਤਿਰੰਗਾ ਲਾਇਆ ਗਿਆ ਹੈ ਉਸ ਦਾ ਪੋਲ ਵੀ ਹੁਣ ਕਾਲਾ ਹੋ ਚੁੱਕਾ ਹੈ, ਜੋ ਪਹਿਲਾਂ ਚਿੱਟਾ ਸੀ। ਕਾਲਾ ਪੈ ਚੁੱਕਾ ਪੋਲ ਦੂਰੋਂ ਹੀ ਨਜ਼ਰ ਆ ਰਿਹਾ ਹੈ ਅਤੇ ਕਾਫ਼ੀ ਭੱਦਾ ਲੱਗਦਾ ਹੈ, ਜਦੋਂ ਕਿ ਪਾਕਿਸਤਾਨੀ ਝੰਡੇ ਦਾ ਪੋਲ ਬਿਲਕੁਲ ਚਿੱਟਾ ਨਜ਼ਰ ਆਉਂਦਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਜੋ ਵੀ ਕਮੀ-ਪੇਸ਼ੀ ਹੋਵੇਗੀ, ਉਸ ਨੂੰ ਦੂਰ ਕੀਤਾ ਜਾਵੇਗਾ।
ਕੀ ਹੈ ਭਾਰਤ-ਪਾਕਿ ਫਲੈਗ ਵਾਰ?
ਭਾਰਤ 'ਚ ਉੱਚੇ-ਉੱਚੇ ਤਿਰੰਗੇ ਲਾਉਣ ਦੀ ਨੇਤਾਵਾਂ ਦੀ ਹੋੜ ਕਾਰਨ ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਵੀ 6 ਮਾਰਚ 2017 ਨੂੰ ਨਗਰ ਸੁਧਾਰ ਟਰੱਸਟ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਰਿਟ੍ਰੀਟ ਸੈਰੇਮਨੀ ਪਰੇਡ ਥਾਂ ਦੇ 200 ਮੀਟਰ ਪਿੱਛੇ ਟਰੱਸਟ ਦੀ ਜ਼ਮੀਨ 'ਤੇ 360 ਫੁੱਟ ਉੱਚਾ ਤਿਰੰਗਾ ਲਾਇਆ ਸੀ ਅਤੇ ਇਹ ਦਾਅਵਾ ਕੀਤਾ ਸੀ ਕਿ ਇਸ ਨੂੰ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਤਿਰੰਗੇ ਦੀ ਉਸਾਰੀ ਫਲੈਗ ਫਾਊਂਡੇਸ਼ਨ ਆਫ ਇੰਡੀਆ ਤੋਂ ਕਰਵਾਈ ਗਈ ਅਤੇ ਇਸ 'ਤੇ 3.50 ਕਰੋੜ ਰੁਪਏ ਖਰਚ ਕੀਤੇ ਗਏ ਪਰ ਜਿਵੇਂ ਹੀ ਤੇਜ਼ ਹਵਾਵਾਂ ਚੱਲਦੀਆਂ ਤਾਂ ਤਿਰੰਗਾ ਫਟਣ ਲੱਗਾ। ਤੇਜ਼ ਹਵਾਵਾਂ ਕਾਰਨ 4 ਵਾਰ ਤਿਰੰਗਾ ਫਟ ਗਿਆ, ਜਿਸ ਤੋਂ ਬਾਅਦ ਮੌਜੂਦਾ ਡਿਪਟੀ ਕਮਿਸ਼ਨਰ ਨੇ ਰਾਸ਼ਟਰ ਹਿੱਤ ਨੂੰ ਦੇਖਦਿਆਂ ਆਦੇਸ਼ ਜਾਰੀ ਕੀਤਾ ਕਿ ਰਾਸ਼ਟਰੀ ਤਿਉਹਾਰ ਜਿਵੇਂ 15 ਅਗਸਤ ਤੇ 26 ਜਨਵਰੀ ਨੂੰ ਵੀ ਤਿਰੰਗਾ ਲਹਿਰਾਇਆ ਜਾਵੇ। ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਇੰਨਾ ਉੱਚਾ ਤਿਰੰਗਾ ਲਾਉਂਦੇ ਸਮੇਂ ਤਤਕਾਲੀਨ ਸਰਕਾਰ ਵੱਲੋਂ ਪੂਰੇ ਤਕਨੀਕੀ ਗਿਆਨ ਤੋਂ ਬਿਨਾਂ ਤਿਰੰਗਾ ਲਾ ਦਿੱਤਾ ਗਿਆ, ਹਾਲਾਂਕਿ ਇਸ ਦਾ ਪਾਕਿਸਤਾਨ ਵੱਲੋਂ ਵਿਰੋਧ ਕੀਤਾ ਗਿਆ ਕਿਉਂਕਿ ਪਾਕਿਸਤਾਨ ਦਾ ਕਹਿਣਾ ਸੀ ਕਿ ਇਹ ਅੰਤਰਰਾਸ਼ਟਰੀ ਸੁਲਾਹ ਦੀ ਉਲੰਘਣਾ ਹੈ ਕਿਉਂਕਿ ਤਿਰੰਗਾ ਪਾਕਿਸਤਾਨ ਦੇ ਲਾਹੌਰ ਤੋਂ ਨਜ਼ਰ ਆਉਂਦਾ ਸੀ ਅਤੇ ਇਹ ਪਾਕਿਸਤਾਨ ਨੂੰ ਵੀ ਫਲੈਗ ਵਾਰ ਦੀ ਖੁੱਲ੍ਹੀ ਚੁਣੌਤੀ ਸੀ।