ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਸਫਰ ਕਰਵਾਉਣ ਵਾਲੇ ਬੱਸ ਚਾਲਕ ਟ੍ਰੈਫਿਕ ਨਿਯਮਾਂ ''ਤੇ ਨਹੀਂ ਕਰਦੇ ਅਮਲ

Monday, Apr 30, 2018 - 12:35 AM (IST)

ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਸਫਰ ਕਰਵਾਉਣ ਵਾਲੇ ਬੱਸ ਚਾਲਕ ਟ੍ਰੈਫਿਕ ਨਿਯਮਾਂ ''ਤੇ ਨਹੀਂ ਕਰਦੇ ਅਮਲ

ਰੂਪਨਗਰ,   (ਕੈਲਾਸ਼)- ਜੇਕਰ ਦੇਸ਼ ਵਿਚ ਹਾਦਸਿਆਂ ਤੋਂ ਹੋਣ ਵਾਲੀ ਮੌਤ ਦਰ ਦਾ ਸਰਵੇਖਣ ਕੀਤਾ ਜਾਵੇ ਤਾਂ ਸਭ ਤੋਂ ਜ਼ਿਆਦਾ ਸੜਕ ਹਾਦਸਿਆਂ ਵਿਚ ਹੀ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਸਕੰਰਕਾਰਾਂ ਵੱਲੋਂ ਸੜਕ ਹਾਦਸਿਆਂ 'ਤੇ ਕਾਬੂ ਪਾਉਣ ਲਈ ਸਖ਼ਤ ਕਾਨੂੰਨ ਵੀ ਬਣਾਏ ਗਏ ਹਨ ਪਰ ਸੜਕ ਹਾਦਸਿਆਂ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਹੈ, ਜਿਸ ਦਾ ਮੁੱਖ ਕਾਰਨ ਕਾਨੂੰਨ ਨੂੰ ਸਭ ਲਈ ਸਮਾਨ ਰੂਪ ਨਾਲ ਲਾਗੂ ਨਾ ਕਰਨਾ ਹੈ। ਅੱਜ ਅਸੀਂ ਇਕ ਬੱਸ ਡਰਾਈਵਰ ਅਤੇ ਕੰਡਕਟਰ ਦੀ ਹੀ ਗੱਲ ਕਰੀਏ ਤਾਂ ਉਨ੍ਹਾਂ 'ਤੇ ਟ੍ਰੈਫਿਕ ਨਿਯਮਾਂ ਦਾ ਅਸਰ ਦਿਖਾਈ ਨਹੀਂ ਦਿੰਦਾ। ਇਕ ਬੱਸ ਡਰਾਈਵਰ ਦੇ ਹੱਥ ਵਿਚ ਬੱਸ ਦੀਆਂ ਸੀਟਾਂ ਦੇ ਮੁਤਾਬਿਕ ਘੱਟ ਤੋਂ ਘੱਟ 50-55 ਲੋਕਾਂ ਦੀਆਂ ਕੀਮਤੀ ਜਾਨਾਂ ਹੁੰਦੀਆਂ ਹਨ ਅਤੇ ਥੋੜ੍ਹੀ ਜਿਹੀ ਲਾਪ੍ਰਵਾਹੀ ਵੱਡੀ ਦੁਰਘਟਨਾ ਨੂੰ ਅੰਜਾਮ ਦੇ ਸਕਦੀ ਹੈ।
ਸਰਕਾਰ ਨਹੀਂ ਦੇ ਰਹੀ ਡਰਾਈਵਰ ਤੇ ਕੰਡਕਟਰ ਨੂੰ ਵਰਦੀਆਂ
ਸੂਤਰਾਂ ਮੁਤਾਬਿਕ ਪੰਜਾਬ ਰੋਡਵੇਜ਼ ਦੁਆਰਾ 2 ਸਾਲ ਪਹਿਲਾਂ ਡਰਾਈਵਰਾਂ ਤੇ ਕੰਟਡਕਰਾਂ ਨੂੰ ਵਰਦੀਆਂ ਦਿੱਤੀਆਂ ਗਈਆਂ ਸਨ। ਉਸ ਤੋਂ 4 ਸਾਲ ਪਹਿਲਾਂ ਉਨ੍ਹਾਂ ਨੂੰ ਸਰਕਾਰ ਨੇ ਵਰਦੀਆਂ ਨਹੀਂ ਦਿੱਤੀਆਂ ਸਨ ਅਤੇ ਉਕਤ ਹਾਲਾਤ ਵਿਚ ਡਰਾਈਵਰਾਂ ਤੇ ਕੰਡਕਟਰਾਂ ਨਾਲ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਲੈ ਕੇ ਚੱਲਦੇ ਹਨ ਤਾਂ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਪੂਰੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ, ਤਾਂ ਕਿ ਡਿਊਟੀ ਕਰਦੇ ਸਮੇਂ ਉਹ ਇਕ ਫੌਜੀ ਦੀ ਤਰ੍ਹਾਂ ਸੀਨਾ ਤਾਣ ਕੇ ਡਿਊਟੀ ਕਰ ਸਕਣ। ਇਸ ਤੋਂ ਇਲਾਵਾ ਡਰਾਈਵਰਾਂ ਤੇ ਕੰਡਕਟਰਾਂ ਨੂੰ ਵਰਦੀ ਭੱਤਾ ਵੀ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਉਹ ਖੁਦ ਵਰਦੀ ਦਾ ਰੱਖ-ਰਖਾਅ ਕਰ ਸਕਣ।
ਸ਼ਿਕਾਇਤ ਬੁੱਕ ਡਰਾਈਵਰ ਕੋਲ ਹੋਣਾ ਯਾਤਰੀਆਂ ਲਈ ਇਕ ਵੱਡੀ ਸਮੱਸਿਆ
ਜਦੋਂ ਵੀ ਯਾਤਰੀ ਬੱਸ ਵਿਚ ਸਫਰ ਕਰਦੇ ਹਨ ਤਾਂ ਯਾਤਰੀਆਂ ਨੂੰ ਟਿਕਟ ਲੈਂਦੇ ਸਮੇਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੁੱਲ੍ਹੇ ਪੈਸੇ ਨਾ ਹੋਣ 'ਤੇ ਕਈ ਵਾਰ ਕੰਡਕਟਰ ਬਕਾਇਆ ਪੈਸੇ ਟਿਕਟ 'ਤੇ ਲਿਖ ਦਿੰਦੇ ਹਨ ਅਤੇ ਯਾਤਰੀ ਬੱਸ ਵਿਚੋਂ ਉਤਰਦੇ ਸਮੇਂ ਜਲਦੀ ਵਿਚ ਹੋਣ ਕਾਰਨ ਬਕਾਇਆ ਲੈਣਾ ਹੀ ਭੁੱਲ ਜਾਂਦੇ ਹਨ ਪਰ ਕੰਡਕਟਰ ਦਾ ਨਾਂ-ਪਤਾ ਨਾ ਹੋਣ ਕਾਰਨ ਉਹ ਪੈਸੇ ਅਕਸਰ ਡੁੱਬ ਹੀ ਜਾਂਦੇ ਹਨ। ਇਸ ਸਬੰਧ ਵਿਚ ਯਾਤਰੀਆਂ ਨੂੰ ਟਿਕਟ ਖਰੀਦਦੇ ਸਮੇਂ ਕੰਡਕਟਰ ਦੇ ਅਭੱਦਰ ਵਿਵਹਾਰ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਕਤ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਡਰਾਈਵਰ ਜਾਂ ਕੰਡਕਟਰ ਕੋਲ ਵਿਭਾਗ ਦੁਆਰਾ ਜੋ ਸ਼ਿਕਾਇਤ ਬੁੱਕ ਦਿੱਤੀ ਜਾਂਦੀ ਹੈ, ਉਹ ਯਾਤਰੀਆਂ ਨੂੰ ਨਹੀਂ ਦਿੱਤੀ ਜਾਂਦੀ, ਜਿਸ ਨਾਲ ਯਾਤਰੀਆਂ ਨੂੰ ਮਜਬੂਰਨ ਡਰਾਈਵਰ ਤੇ ਕੰਡਕਟਰ ਦੀ ਮਰਜ਼ੀ 'ਤੇ ਨਿਰਭਰ ਰਹਿਣਾ ਪੈਂਦਾ ਹੈ।
ਨਵੀਆਂ ਬੱਸਾਂ ਹੋਣਗੀਆਂ ਸ਼ਾਮਲ
ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਪੰਜਾਬ ਰੋਡਵੇਜ਼ ਦੇ ਬੇੜੇ ਵਿਚ 300 ਨਵੀਆਂ ਬੱਸਾਂ, 31 ਵੋਲਵੋ ਅਤੇ 31 ਪਨਬਸ ਬੱਸਾਂ ਸ਼ਾਮਲ ਕਰਨ ਜਾ ਰਹੀ ਹੈ, ਤਾਂ ਕਿ ਪੰਜਾਬ ਵਿਚ ਡੁੱਬ ਰਹੀ ਪੰਜਾਬ ਰੋਡਵੇਜ਼ ਵਿਚ ਨਵੀਂ ਜਾਨ ਪਾਈ ਜਾ ਸਕੇ। ਉਕਤ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਰਾਜ ਸਰਕਾਰ ਉਕਤ ਨਵੀਆਂ ਬੱਸਾਂ ਲਈ ਰੈਗੂਲਰ ਡਰਾਈਵਰਾਂ ਤੇ ਕੰਡਕਟਰਾਂ ਦੀ ਭਰਤੀ ਕਰੇ, ਤਾਂ ਕਿ ਰੋਡਵੇਜ਼ ਦੇ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਕਰ ਸਕਣ। ਇਸ ਦੀ ਪੁਸ਼ਟੀ ਕਰਦਿਆਂ ਜੀ. ਐੱਮ. ਨੇ ਕਿਹਾ ਕਿ ਇਸ ਸਬੰਧ ਵਿਚ ਸੂਬਾ ਪੱਧਰ 'ਤੇ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਜਲਦੀ ਹੀ ਉਕਤ ਨਵੀਆਂ ਬੱਸਾਂ ਸ਼ਾਮਲ ਹੋ ਜਾਣਗੀਆਂ।


Related News