ਲਗਾਤਾਰ ਤੀਜਾ ਸਾਲ ਜਦੋਂ ਜਨਵਰੀ ’ਚ 11 ਡਿਗਰੀ ਤੱਕ ਪੁੱਜਿਆ ਤਾਪਮਾਨ
Thursday, Jan 05, 2023 - 03:51 PM (IST)
ਚੰਡੀਗੜ੍ਹ (ਪਾਲ) : ਵੱਧ ਤੋਂ ਵੱਧ ਤਾਪਮਾਨ ’ਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ। 8.8 ਡਿਗਰੀ ਦੀ ਗਿਰਾਵਟ ਨਾਲ ਬੁੱਧਵਾਰ ਨੂੰ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 11.9 ਦਰਜ ਹੋਇਆ। ਮੰਗਲਵਾਰ ਦੀ ਰਾਤ ਤਿੰਨ ਦਿਨਾਂ ’ਚ ਸਭ ਤੋਂ ਠੰਢੀ ਰਾਤ ਰਹੀ। ਘੱਟੋ-ਘੱਟ ਤਾਪਮਾਨ ਵੀ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ। ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਜਨਵਰੀ ਵਿਚ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸਾਲ 2022 ’ਚ 11 ਅਤੇ 2021 ’ਚ 11.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਾਲ 2020 ’ਚ ਜਨਵਰੀ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ 12.6 ਡਿਗਰੀ ’ਤੇ ਪਹੁੰਚ ਗਿਆ। ਬੁੱਧਵਾਰ ਨੂੰ ਲਗਾਤਾਰ ਦੂਜਾ ਦਿਨ ਸੀ ਜਦੋਂ ਸ਼ਹਿਰ ’ਚ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਸੀਜ਼ਨ ਦਾ ਦੂਜਾ ਸਭ ਤੋਂ ਠੰਡਾ ਦਿਨ ਸੀ।
ਇਹ ਵੀ ਪੜ੍ਹੋ : ਦਿਨੋਂ-ਦਿਨ ਗੰਭੀਰ ਬਣਦੀ ਜਾ ਰਹੀ ਬੇਰੁਜ਼ਗਾਰੀ ਦੀ ਸਮੱਸਿਆ
ਇਸ ਤੋਂ ਵੀ ਘੱਟ ਹੋ ਸਕਦੈ ਦਿਨ ਦਾ ਤਾਪਮਾਨ
ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਮੌਜੂਦਾ ਸਥਿਤੀ ਕਾਰਣ ਦਿਨ ਦਾ ਪਾਰਾ ਡਿੱਗ ਰਿਹਾ ਹੈ। ਅਗਲੇ ਦੋ ਦਿਨਾਂ ਤੱਕ ਪਾਰਾ ਹੋਰ ਹੇਠਾਂ ਜਾ ਸਕਦਾ ਹੈ। ਰਾਤ ਦੇ ਪਾਰਾ ਵਿਚ ਬਹੁਤੀ ਕਮੀ ਨਹੀਂ ਆਵੇਗੀ। ਬੁੱਧਵਾਰ ਸਵੇਰ ਤੋਂ ਹੀ ਧੁੰਦ ਛਾਈ ਹੋਈ ਸੀ। ਦੁਪਹਿਰ ਤੱਕ ਥੋੜ੍ਹੀ ਦੇਰ ਲਈ ਹਲਕੀ ਧੁੱਪ ਜ਼ਰੂਰ ਨਿਕਲੀ ਪਰ ਠੰਢ ਤੋਂ ਕੋਈ ਰਾਹਤ ਨਹੀਂ ਮਿਲੀ। ਵਿਭਾਗ ਨੇ ਸਵੇਰੇ 5:30 ਵਜੇ 20 ਮੀਟਰ ਤੋਂ ਘੱਟ ਵਿਜ਼ੀਬਿਲਟੀ ਦਰਜ ਕੀਤੀ ਹੈ। ਇਸ ਸਮੇਂ ਸ਼ਹਿਰ ਵਿਚ 4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸ਼ੀਤ ਲਹਿਰ ਚੱਲ ਰਹੀ ਹੈ, ਜਿਸ ਕਾਰਣ ਠੰਢ ਦਾ ਅਹਿਸਾਸ ਵਧ ਰਿਹਾ ਹੈ।
ਪੰਜਾਬ ਅਤੇ ਹਰਿਆਣਾ ਦਾ 2 ਡਿਗਰੀ ਤੱਕ ਪਹੁੰਚਿਆ ਤਾਪਮਾਨ
ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਰਿਆਣਾ ’ਚ ਮੌਸਮ ਖੁਸ਼ਕ ਰਿਹਾ। ਪੰਜਾਬ ਅਤੇ ਹਰਿਆਣਾ ’ਚ ਕੁਝ ਥਾਵਾਂ ’ਤੇ ਸੰਘਣੀ ਧੁੰਦ ਦੇਖਣ ਨੂੰ ਮਿਲੀ। ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਥਾਵਾਂ ’ਤੇ ਸ਼ੀਤ ਲਹਿਰ ਦੇ ਹਾਲਾਤ ਦੇਖੇ ਗਏ। ਪੰਜਾਬ ਦੇ ਗੁਰਦਾਸਪੁਰ ’ਚ ਸਭ ਤੋਂ ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਹਰਿਆਣਾ ਦੇ ਨਾਰਨੌਲ ਵਿਚ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੱਗੇ ਮੌਸਮ ਇਸ ਤਰ੍ਹਾਂ ਰਹੇਗਾ
► ਵੀਰਵਾਰ ਨੂੰ ਆਸਮਾਨ ਸਾਫ਼ ਹੋਣ ਨਾਲ ਧੁੰਦ ਪੈਣ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 14 ਅਤੇ ਘੱਟ ਤੋਂ ਘੱਟ 6 ਡਿਗਰੀ ਹੋ ਸਕਦਾ ਹੈ।
► ਸ਼ੁੱਕਰਵਾਰ ਨੂੰ ਸੰਭਾਵੀ ਬੱਦਲਵਾਈ ਦੇ ਨਾਲ ਧੁੰਦ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 15 ਅਤੇ ਘੱਟ ਤੋਂ ਘੱਟ 7 ਡਿਗਰੀ ਰਹੇਗਾ।
► ਸ਼ਨੀਵਾਰ ਨੂੰ ਸੰਭਾਵੀ ਬੱਦਲਵਾਈ ਦੇ ਨਾਲ ਧੁੰਦ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 15 ਅਤੇ ਘੱਟ ਤੋਂ ਘੱਟ 8 ਡਿਗਰੀ ਰਹੇਗਾ।
ਇਹ ਵੀ ਪੜ੍ਹੋ : ਭਾਜਪਾ ਆਗੂਆਂ ਤੇ ‘ਆਪ’ ਬੁਲਾਰੇ ਦੀ ਪਟੀਸ਼ਨ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।