ਚੋਰਾਂ ਨੇ ਸਾਬਕਾ ਕੇਂਦਰੀ ਮੰਤਰੀ ਦੇ ਘਰ ਨੂੰ ਬਣਾਇਆ ਨਿਸ਼ਾਨਾ, ਪੁਲਸ ਜਾਂਚ ’ਚ ਜੁਟੀ
Thursday, May 21, 2026 - 10:51 PM (IST)
ਹੁਸ਼ਿਆਰਪੁਰ (ਰਾਕੇਸ਼) - ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਵੱਡੇ ਲੋਕਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਪਏ ਹਨ। ਬੀਤੇ ਦਿਨ ਚੋਰਾਂ ਨੇ ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਉੱਥੇ ਉਨ੍ਹਾਂ ਦੇ ਬਾਥਰੂਮਾਂ ’ਚ ਨਾ ਸਿਰਫ਼ ਭੰਨਤੋੜ ਕੀਤੀ, ਬਲਕਿ ਉੱਥੇ ਲੱਗੀਆਂ ਕੀਮਤੀ ਟੂਟੀਆਂ ਅਤੇ ਹੋਰ ਕੀਮਤੀ ਸਾਮਾਨ ਵੀ ਉਖਾੜ ਕੇ ਲੈ ਗਏ।
ਜਾਣਕਾਰੀ ਦਿੰਦਿਆਂ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੇ ਦੱਸਿਆ ਕਿ ਉਹ ਬੀਤੇ ਦਿਨ ਜਲੰਧਰ ਗਏ ਹੋਏ ਸਨ। ਜਦੋਂ ਉਹ ਰਾਤ ਨੂੰ ਕਰੀਬ 7:30 ਵਜੇ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਘਰ ਦਾ ਮੁੱਖ ਦਰਵਾਜ਼ਾ ਨਹੀਂ ਖੁੱਲ੍ਹ ਰਿਹਾ ਸੀ। ਧਿਆਨ ਨਾਲ ਦੇਖਣ 'ਤੇ ਪਤਾ ਲੱਗਾ ਕਿ ਅੰਦਰੋਂ ਲਾਕ (ਜੰਦਰਾ) ਟੁੱਟਿਆ ਹੋਇਆ ਸੀ। ਦਰਵਾਜ਼ਾ ਖੋਲ੍ਹਣ 'ਤੇ ਉਨ੍ਹਾਂ ਦੇਖਿਆ ਕਿ ਅੰਦਰ ਸਟਾਫ਼ ਦੇ ਬਾਥਰੂਮਾਂ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਸਿੰਕ ਦੀ ਵੀ ਭੰਨਤੋੜ ਕੀਤੀ ਗਈ ਸੀ। ਇਸੇ ਤਰ੍ਹਾਂ ਉੱਪਰਲੇ ਦੋ ਬਾਥਰੂਮਾਂ ’ਚ ਵੀ ਭੰਨਤੋੜ ਕੀਤੀ ਗਈ ਸੀ ਅਤੇ ਉੱਥੋਂ ਵੀ ਸਾਰੀਆਂ ਟੂਟੀਆਂ ਗਾਇਬ ਸਨ। ਇਸ ਤੋਂ ਇਲਾਵਾ ਹੋਰ ਵੀ ਕੀਮਤੀ ਸਾਮਾਨ ਗਾਇਬ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੂਜੇ ਅਧਿਕਾਰੀਆਂ ਨੂੰ ਫ਼ੋਨ ਕੀਤਾ ਤਾਂ ਰਾਤ ਕਰੀਬ 8:00 ਵਜੇ ਡੀ. ਐੱਸ. ਪੀ. ਕੁਲਭੂਸ਼ਣ ਆਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਜ ਵੀ ਜ਼ਿਲਾ ਪੁਲਸ ਮੁਖੀ ਨੂੰ ਫ਼ੋਨ ਕੀਤਾ ਸੀ, ਪਰ ਉਨ੍ਹਾਂ ਨੇ ਅੱਜ ਵੀ ਫ਼ੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ।
ਉਨ੍ਹਾਂ ਕਿਹਾ ਕਿ ਉਹ ਤਿੰਨ ਵਾਰ ਸੰਸਦ ਮੈਂਬਰ , ਇਕ ਵਾਰ ਕੇਂਦਰੀ ਰਾਜ ਮੰਤਰੀ, ‘ਨੈਸ਼ਨਲ ਕਮਿਸ਼ਨ ਫਾਰ ਸਫ਼ਾਈ ਕਰਮਚਾਰੀ’ ਦੇ ਚੇਅਰਪਰਸਨ ਅਤੇ ‘ਪੀ. ਪੀ. ਐੱਸ. ਸੀ.’ ਦੀ ਚੇਅਰਪਰਸਨ ਰਹਿ ਚੁੱਕੇ ਹਨ। ਜੇਕਰ ਉਨ੍ਹਾਂ ਵਰਗੀ ਸ਼ਖ਼ਸੀਅਤ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ, ਤਾਂ ਇਹ ਸਮਝ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਕੋਲ ਸੁਰੱਖਿਆ (ਸਿਕਿਉਰਿਟੀ) ਸੀ ਕਿਉਂਕਿ ਉਹ ਇਕੱਲੇ ਮਹਿਲਾ (ਸਿੰਗਲ ਲੇਡੀ) ਹਨ ਅਤੇ ਲੋਕਾਂ ’ਚ ਆਉਂਦੇ-ਜਾਂਦੇ ਰਹਿੰਦੇ ਹਨ। ਪਰ ਜਦੋਂ ਇਹ (ਮੌਜੂਦਾ) ਸਰਕਾਰ ਆਈ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਚੋਰੀ ਦੀ ਸੂਚਨਾ ਤਾਂ ਦੇ ਦਿੱਤੀ ਹੈ, ਪਰ ਅੱਜ ਤੱਕ ਕਿੰਨੇ ਚੋਰ ਫੜੇ ਗਏ ਹਨ, ਇਹ ਸਭ ਦੇ ਸਾਹਮਣੇ ਹੀ ਹੈ।
