ਪਰਵਿੰਦਰ ਝੋਟਾ ਕਤਲ ਕਾਂਡ ਦੇ ਰੋਸ ''ਚ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਦਿੱਤਾ ਧਰਨਾ

Friday, Oct 16, 2026 - 06:00 PM (IST)

ਪਰਵਿੰਦਰ ਝੋਟਾ ਕਤਲ ਕਾਂਡ ਦੇ ਰੋਸ ''ਚ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਦਿੱਤਾ ਧਰਨਾ

ਗੜ੍ਹਸ਼ੰਕਰ- ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਮਾਨਸਾ ਦੇ ਵਿਰੋਧ ਵਿਚ ਬੰਗਾ ਚੌਕ ਵਿਚ ਧਰਨਾ ਲਗਾਇਆ। ਇਸ ਮੌਕੇ ਪਹਿਲਾਂ ਭਾਜਪਾ ਆਗੂ ਨੇ ਸਾਥੀਆਂ ਸਮੇਤ ਸ਼ਹਿਰ ਦੀ ਬੰਗਾ ਰੋਡ 'ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰੋਸ ਮਾਰਚ ਕੀਤਾ, ਫਿਰ ਚੌਕ ਵਿਚ ਧਰਨਾ ਦਿੱਤਾ, ਜਿਸ ਵਿਚ ਵੱਖ-ਵੱਖ ਆਗੂਆਂ ਨੇ ਇਲਾਕੇ 'ਚ ਵਧ ਰਹੇ ਨਸ਼ੇ ਦੀ ਵਿਕਰੀ ਦੀ ਨਿਖੇਧੀ ਕੀਤੀ। 

ਇਸ ਮੌਕੇ ਨਿਮਿਸ਼ਾ ਮਹਿਤਾ ਨੇ ਧਰਨੇ ਵਿਚ ਸ਼ਾਮਲ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਮੈਡੀਕਲ ਨਸ਼ਾ ਪੁਲਸ ਅਤੇ ਸਿਹਤ ਵਿਭਾਗ ਦੀ ਮਿਲੀਭੁਗਤ ਤੋਂ ਬਗੈਰ ਨਹੀਂ ਵੇਚਿਆ ਜਾ ਸਕਦਾ ਅਤੇ ਪਰਵਿੰਦਰ ਸਿੰਘ ਝੋਟੇ ਦਾ ਸ਼ਰੇਆਮ ਦਿਨ-ਦਿਹਾੜੇ ਕਤਲ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰੀ ਮਹਿਕਮੇ ਹੀ ਨਸ਼ਾ ਸੌਦਾਗਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਂਝ ਤਾਂ 'ਯੁੱਧ ਨਸ਼ਿਆਂ ਵਿਰੁੱਧ' ਲੜ ਰਹੀ ਹੈ ਪਰ ਇਸ ਯੁੱਧ ਦਾ ਨਤੀਜਾ ਗੜ੍ਹਸ਼ੰਕਰ ਹਲਕੇ ਵਿਚ ਇਹ ਮਿਲਿਆ ਹੈ ਕਿ ਔਰਤਾਂ ਵੀ ਪਿੰਡ ਦਿਨਵਾਲ ਸੈਂਸੀ ਬਸਤੀ ਵਿਚ ਚਿੱਟਾ ਵੇਚਣ ਲੱਗ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਆਈ ਹੈ, ਉਸ ਦਿਨ ਤੋਂ ਹਲਕਾ ਗੜ੍ਹਸ਼ੰਕਰ ਵਿਚ ਨਸ਼ਿਆਂ ਦੀ ਵਿਕਰੀ ਸਿਖ਼ਰਾਂ 'ਤੇ ਪਹੁੰਚ ਗਈ ਹੈ। 

PunjabKesari

ਇਹ ਵੀ ਪੜ੍ਹੋ: ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ ਮੌਤ 'ਤੇ ਨਾ ਰੋਇਓ...

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਨਸ਼ੇ ਦੀ ਨਿਤ ਦਿਨ ਵਧਦੀ ਸੇਲ ਅਤੇ ਇਲਾਕੇ ਵਿਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਬਾਰੇ ਸੱਤਾਧਾਰੀ ਨੇਤਾਵਾਂ ਦੀ ਚੁੱਪ ਇਹ ਦਰਸਾਉਂਦੀ ਹੈ ਕਿ ਨਾ ਤਾਂ ਉਨ੍ਹਾਂ ਨੂੰ ਲੋਕਾਂ ਦੇ ਪੁੱਤ ਮਰਨ ਦਾ ਦੁੱਖ ਹੈ ਅਤੇ ਨਾ ਹੀ ਇਲਾਕੇ ਵਿਚ ਨਸ਼ੇ ਦੀ ਵਧ ਰਹੀ ਵਿਕਰੀ ਦੀ ਕੋਈ ਫਿਕਰ ਹੈ।  ਭਾਜਪਾ ਆਗੂ ਨੇ ਕਿਹਾ ਕਿ ਜਿਵੇਂ ਉੱਤਰ ਪ੍ਰਦੇਸ਼ ਵਿਚ ਭਾਜਪਾ ਸਰਕਾਰ ਆਉਣ 'ਤੇ ਗੁੰਡਾਗਰਦੀ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਈ ਗਈ ਹੈ, ਉਸੇ ਤਰ੍ਹਾਂ ਹਲਕਾ ਗੜ੍ਹਸ਼ੰਕਰ ਵਿਚ ਨਿਮਿਸ਼ਾ ਮਹਿਤਾ ਵਿਧਾਇਕ ਬਣਨ 'ਤੇ ਇਲਾਕੇ ਵਿਚੋਂ ਨਸ਼ੇ ਦੇ ਸੌਦਾਗਰਾਂ ਦਾ ਸਫ਼ਾਇਆ ਕਰੇਗੀ ਤਾਂ ਕਿ ਲੋਕਾਂ ਦੇ ਪੁੱਤਾਂ ਨੂੰ ਇਸ ਜ਼ਹਿਰ ਤੋਂ ਬਚਾਇਆ ਦਾ ਸਕੇ। ਇਸ ਮੌਕੇ ਭਾਜਪਾ ਵਰਕਰਾਂ ਨੇ ਪੁਲਸ ਥਾਣੇ ਅੱਗੇ ਜਾ ਕੇ ਜੰਮ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਥੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪਰਵੀਨ ਲਸਾੜਾ, ਵਿੱਕੀ ਫ਼ੌਜੀ, ਰਾਜੇਸ਼ ਗੁਪਤਾ, ਫ਼ੌਜੀ ਪ੍ਰੇਮ, ਟੇਲੂ ਭੁੱਲਰ, ਅਮਰਜੀਤ ਬਿੱਲੂ, ਰਣਜੀਤ ਬੰਗਾ, ਰਿੰਪੀ ਪਾਠਕ, ਅਮਨਦੀਪ ਬੈਂਸ, ਸੋਨੂੰ ਐੱਮ. ਸੀ, ਰੇਸ਼ਮ ਸਰਪੰਚ ਕੁਲਦੀਪ ਸਦਰਪੁਰ, ਚੂਹੜ ਬਡੇਸਰੋਂ, ਪੁਰਸ਼ੋਤਮ ਸੇਠੀ ਅਤੇ ਕਈ ਹੋਰ ਹਾਜ਼ਰ ਸਨ। 

ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News