ਦਿਆਲਪੁਰ ਵਿਖੇ ਦਿਨ-ਦਿਹਾੜੇ ਘਰ ''ਚ ਚੋਰਾਂ ਦੀ ਦਸਤਕ
Wednesday, Aug 02, 2017 - 07:25 AM (IST)
ਕਰਤਾਰਪੁਰ, (ਸਾਹਨੀ)- ਅੱਜ ਦਿਨ-ਦਿਹਾੜੇ ਪਿੰਡ ਦਿਆਲਪੁਰ ਦੀ ਸਿਰਫ ਤਿੰਨ ਫੁੱਟ ਦੀ ਤੰਗ ਗਲੀ ਵਿਚ ਅਣਪਛਾਤੇ ਚੋਰਾਂ ਨੇ ਬੇਖੌਫ ਘਰ ਦੇ ਮੁਖ ਦਰਵਾਜ਼ੇ 'ਤੇ ਲੱਗੇ ਤਾਲੇ ਦੀ ਕੁੰਡੀ ਤੋੜ ਕੇ ਘਰ ਵਿਚ ਵੜ ਕੇ ਅਲਮਾਰੀਆਂ ਵਿਚ ਪਏ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।
ਇਸ ਸਬੰਧੀ ਪਿੰਡ ਦੇ ਪੰਚ ਨਰਿੰਦਰ ਕੁਮਾਰ ਸੇਠ (ਨਿੰਦੀ) ਪੁੱਤਰ ਮਦਨ ਲਾਲ ਨੇ ਦੱਸਿਆ ਕਿ ਪਿੰਡ ਵਿਚਕਾਰ ਬਾਜ਼ਾਰ ਵਿਚ ਉਸ ਦੀ ਕਰਿਆਨੇ ਦੀ ਦੁਕਾਨ ਹੈ ਅਤੇ ਦੁਕਾਨ ਦੇ ਪਿਛਲੇ ਹਿੱਸੇ 'ਚ ਲੱਗੇ ਗੇਟ ਨਾਲ ਉਸ ਦੇ ਘਰ ਗਲੀ ਵੱਲ ਦਰਵਾਜ਼ਾ ਵੀ ਖੁੱਲ੍ਹਦਾ ਹੈ। ਅੱਜ ਕਰੀਬ 11.45 'ਤੇ ਉਸ ਨੇ ਆਪਣੀ ਪਤਨੀ ਸੋਨੀਆ ਨੂੰ ਦੁਕਾਨ 'ਤੇ ਬੁਲਾਇਆ। ਸੋਨੀਆ ਘਰ ਨੂੰ ਤਾਲਾ ਲਾ ਕੇ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਦੁਕਾਨ 'ਤੇ ਆ ਗਈ ਅਤੇ ਉਹ ਖੁਦ ਉਸ ਰਸਤੇ ਰਾਹੀਂ ਆਪਣੇ ਘਰ ਦੇ ਅੱਗਿਓਂ ਕਰੀਬ 12 ਵਜੇ ਮੋਟਰਸਾਈਕਲ 'ਤੇ ਪਿੰਡ ਮੱਲੀਆਂ ਵੱਲ ਰਵਾਨਾ ਹੋਇਆ। ਕਰੀਬ 12:45 'ਤੇ ਜਦ ਉਹ ਵਾਪਸ ਆਇਆ ਤਾਂ ਘਰ ਦੇ ਦਰਵਾਜ਼ੇ ਖੁੱਲ੍ਹੇ ਹੋਏ ਸਨ। ਜਦ ਉਹ ਘਰ ਦੇ ਅੰਦਰ ਜਾਣ ਲੱਗਾ ਤਾਂ ਦਰਵਾਜ਼ੇ ਦਾ ਕੁੰਡਾ ਟੁੱਟਾ ਹੋਇਆ ਵੇਖਿਆ। ਜਦੋਂ ਉਹ ਅੰਦਰ ਗਿਆ ਤਾਂ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀਆਂ 'ਚ ਲੱਗੇ ਲਾਕਰ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਸ ਦਾ ਕਰੀਬ 16-17 ਤੋਲੇ ਸੋਨੇ ਦੇ ਗਹਿਣੇ ਤੇ ਕਰੀਬ 6-7 ਹਜ਼ਾਰ ਦੀ ਨਕਦੀ ਅਤੇ ਹੋਰ ਵੀ ਕੀਮਤੀ ਸਾਮਾਨ ਗਾਇਬ ਹੈ। ਇਸ ਦੌਰਾਨ ਨਰਿੰਦਰ ਸੇਠ ਨੇ ਇਸ ਘਟਨਾ ਲਈ ਤਿੰਨ ਵਿਅਕਤੀਆਂ ਵੱਲੋਂ ਕੁਝ ਦਿਨਾਂ ਤੋਂ ਦੁਕਾਨ ਅਤੇ ਘਰ ਦੀ ਰੇਕੀ ਕਰਨ ਦਾ ਅਤੇ ਆਸ-ਪਾਸ ਘੁੰਮਣ ਦਾ ਖਦਸ਼ਾ ਪੁਲਸ ਕੋਲ ਪ੍ਰਗਟ ਕੀਤਾ। ਮੌਕੇ 'ਤੇ ਪੁੱਜੇ ਏ. ਐੱਸ. ਆਈ. ਅਮਰੀਕ ਸਿੰਘ ਨੇ ਘਟਨਾ ਸਬੰਧੀ ਜਾਣਕਾਰੀ ਲਈ ਅਤੇ ਮਾਮਲਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
