''ਪਿੰਡ ਵਿਚ ਮਚ ਗਿਆ ਸ਼ੋਰ ਕਿ ਆ ਗਏ ਚੋਰ''

09/08/2019 5:27:01 PM

ਮਾਛੀਵਾੜਾ ਸਾਹਿਬ (ਟੱਕਰ)— ਬੀਤੀ ਰਾਤ ਨੇੜਲੇ ਪਿੰਡ ਹੰਬੋਵਾਲ ਬੇਟ ਵਿਖੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਆਏ ਤਿੰਨ ਚੋਰਾਂ 'ਚੋਂ ਪਿੰਡ ਵਾਸੀਆਂ ਨੇ ਇਕ ਨੂੰ ਦਬੋਚ ਲਿਆ ਅਤੇ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਖੂਬ ਕੁਟਾਪਾ ਚਾੜ੍ਹਿਆ ਜਦਕਿ ਉਸ ਦੇ ਦੋ ਹੋਰ ਸਾਥੀ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹੰਬੋਵਾਲ ਬੇਟ ਵਿਖੇ ਅੱਧੀ ਰਾਤ ਨੂੰ ਇਹ ਤਿੰਨ ਚੋਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਪਿੰਡ ਵਿਚ ਦਾਖਲ ਹੋਏ। ਇਸ ਦੌਰਾਨ ਪਿੰਡ ਦਾ ਇਕ ਵਿਅਕਤੀ ਆਪਣੇ ਮੋਟਰਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ ਅਤੇ ਉਸਨੇ ਇਨ੍ਹਾਂ ਚੋਰਾਂ ਨੂੰ ਸ਼ੱਕੀ ਹਾਲਤ 'ਚ ਪਿੰਡ ਵਿਚ ਘੁੰਮਦੇ ਦੇਖਿਆ। ਇਹ ਸ਼ਾਤਿਰ ਚੋਰ ਆਪਣੇ ਬਚਾਅ ਲਈ ਮੌਕੇ ਤੋਂ ਭੱਜਣ ਲੱਗੇ ਤਾਂ ਮੋਟਰਸਾਈਕਲ ਸਵਾਰ ਨੇ ਰੌਲਾ ਪਾ ਕੇ ਸਾਰਾ ਪਿੰਡ ਉਠਾ ਲਿਆ ਅਤੇ ਉਨ੍ਹਾਂ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਡਾਂਗਾ ਤੇ ਬੈਟਰੀਆਂ ਨਾਲ ਚੋਰਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ 'ਚੋਂ ਦੋ ਤਾਂ ਮੌਕੇ ਤੋਂ ਫ਼ਰਾਰ ਹੋ ਗਏ ਜਦਕਿ ਇਕ ਚੋਰ ਮੋਬਾਇਲ ਟਾਵਰ ਵਾਲੀ ਚਾਰ ਦਿਵਾਰੀ ਟੱਪ ਕੇ ਝਾੜੀਆਂ ਵਿਚ ਜਾ ਲੁਕਿਆ। ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਇਸ ਲੁਕੇ ਹੋਏ ਚੋਰ ਨੂੰ ਪਿੰਡ ਵਾਸੀਆਂ ਲੱਭ ਲਿਆ ਅਤੇ ਟਾਵਰ ਨਾਲ ਬੰਨ੍ਹ ਕੇ ਉਸਦਾ ਖੂਬ ਕੁਟਾਪਾ ਚਾੜ੍ਹਿਆ।

ਪਿੰਡ ਵਾਸੀਆਂ ਵਲੋਂ ਫੜੇ ਗਏ ਇਸ ਚੋਰ ਦਾ ਨਾਮ ਗੋਵਿੰਦਾ ਹੈ ਜੋ ਕਿ ਮਾਛੀਵਾੜਾ ਵਿਖੇ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਬਲੀਬੇਗ ਨਾਲ ਸਬੰਧ ਰੱਖਦਾ ਹੈ। ਇਸ ਚੋਰ ਨੇ ਪਿੰਡ ਵਾਸੀਆਂ ਕੋਲ ਮੰਨਿਆ ਕਿ ਉਹ ਤਿੰਨ ਨੌਜਵਾਨ ਸੀ ਜੋ ਪਿੰਡ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਪਿੰਡ ਵਾਸੀਆਂ ਵਲੋਂ ਚੋਰ ਨੂੰ ਕਾਬੂ ਕਰਨ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਚੋਰ 'ਤੇ ਮਾਛੀਵਾੜਾ ਪੁਲਸ ਥਾਣਾ ਵਿਚ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਪਿੰਡ ਦੀ ਗੁੱਗਾ ਮੈੜੀ ਦੀ ਗੋਲਕ ਚੋਰੀ ਹੋਈ ਹੈ ਅਤੇ ਇਕ ਕਿਸਾਨ ਦੇ ਪਸ਼ੂਆਂ ਦੇ ਵਾੜੇ 'ਚ ਖੜ੍ਹੀਆਂ ਮੱਝਾਂ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ।


Gurminder Singh

Content Editor

Related News