ਵੱਡਾ ਹਾਦਸਾ ਟਲਿਆ : ਰੇਲ ਲਾਈਨ ’ਚ ਆਇਆ ਕਰੈਕ, 3 ਘੰਟੇ ਰੋਕੀ ਸੱਚਖੰਡ ਐਕਸਪ੍ਰੈੱਸ

Wednesday, Aug 02, 2023 - 01:04 PM (IST)

ਵੱਡਾ ਹਾਦਸਾ ਟਲਿਆ : ਰੇਲ ਲਾਈਨ ’ਚ ਆਇਆ ਕਰੈਕ, 3 ਘੰਟੇ ਰੋਕੀ ਸੱਚਖੰਡ ਐਕਸਪ੍ਰੈੱਸ

ਜਲੰਧਰ (ਗੁਲਸ਼ਨ) : ਮੰਗਲਵਾਰ ਸ਼ਾਮ ਨੂੰ ਅੰਮ੍ਰਿਤਸਰ ਤੋਂ ਨਾਂਦੇੜ ਜਾ ਰਹੀ ਸੱਚਖੰਡ ਐਕਸਪ੍ਰੈਸ ਦੇ ਅੱਗੇ ਰੇਲ ਲਾਈਨ ’ਚ ਕਰੈਕ ਪੈ ਗਿਆ, ਜਿਸ ਕਾਰਨ ਇਹਤਿਆਤ ਵਜੋਂ ਟਰੇਨ ਨੂੰ ਰੋਕ ਦਿੱਤਾ ਗਿਆ। ਮੇਨ ਲਾਈਨ ’ਤੇ ਕਰੈਕ ਪੈਣ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਅਧਿਕਾਰੀਆਂ ’ਚ ਹੜਕੰਪ ਮੱਚ ਗਿਆ। ਸਬੰਧਤ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਆ ਕੇ ਲਾਈਨ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਸੱਚਖੰਡ ਐਕਸਪ੍ਰੈੱਸ ਕਰੀਬ 3 ਘੰਟੇ ਉੱਥੇ ਖੜ੍ਹੀ ਰਹੀ। ਜਾਣਕਾਰੀ ਅਨੁਸਾਰ 31 ਜੁਲਾਈ ਨੂੰ ਸੱਚਖੰਡ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਆਪਣੇ ਨਿਰਧਾਰਤ ਸਮੇਂ ’ਤੇ ਸਵੇਰੇ 5:30 ਵਜੇ ਨਾਂਦੇੜ ਜਾਣ ਲਈ ਰਵਾਨਾ ਹੋਈ ਸੀ। ਇਸ ਰੇਲਗੱਡੀ ’ਚ ਸ਼ਿਰਡੀ ਜਾਣ ਵਾਲੇ ਸੈਂਕੜੇ ਯਾਤਰੀ ਵੀ ਸਵਾਰ ਸਨ, ਜਿਨ੍ਹਾਂ ਮਨਮਾਡ ਸਟੇਸ਼ਨ ’ਤੇ ਉਤਰਨਾ ਸੀ। ਟਰੇਨ ਅੰਮ੍ਰਿਤਸਰ ਤੋਂ ਚੱਲ ਕੇ ਕਰੀਬ 26 ਘੰਟੇ ਬਾਅਦ ਮਨਮਾਡ ਸਟੇਸ਼ਨ ਪਹੁੰਚਦੀ ਹੈ, ਜਿੱਥੋਂ ਲੋਕ ਸਾਈਂ ਬਾਬਾ ਦੇ ਦਰਸ਼ਨਾਂ ਲਈ ਟੈਕਸੀ ਜਾਂ ਬੱਸਾਂ ਰਾਹੀਂ ਸ਼ਿਰਡੀ ਜਾਂਦੇ ਹਨ। ਜਦੋਂ ਰੇਲਗੱਡੀ ਮਨਮਾਡ ਤੋਂ ਪਹਿਲਾਂ ਪੈਂਦੇ ਭੁਸਾਵਲ ਸਟੇਸ਼ਨ ’ਤੇ ਪਹੁੰਚੀ ਤਾਂ ਡਰਾਈਵਰ ਨੂੰ ਰੇਲ ਲਾਈਨ ’ਚ ਕਰੈਕ ਹੋਣ ਦੀ ਸੂਚਨਾ ਮਿਲੀ।

ਇਹ ਵੀ ਪੜ੍ਹੋ : 15 ਅਗਸਤ ਤੱਕ ਝੋਨਾ ਲੱਗ ਗਿਆ ਤਾਂ ਠੀਕ, ਨਹੀਂ ਤਾਂ ਮੁਸ਼ਕਿਲ ’ਚ ਆ ਜਾਵੇਗਾ ਕਿਸਾਨ 

ਉਸ ਨੇ ਤੁਰੰਤ ਟਰੇਨ ਰੋਕ ਦਿੱਤੀ। ਰੇਲਵੇ ਅਧਿਕਾਰੀਆਂ ਨੇ ਟ੍ਰੈਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟਰੇਨ ਕਰੀਬ 3 ਘੰਟੇ ਉੱਥੇ ਖੜ੍ਹੀ ਰਹੀ। ਟਰੇਨ ’ਚ ਸਫਰ ਕਰ ਰਹੇ ਯਾਤਰੀ ਨੇ ਦੱਸਿਆ ਕਿ ਟਰੇਨ ਪਹਿਲਾਂ ਹੀ ਦੇਰੀ ਨਾਲ ਚੱਲ ਰਹੀ ਸੀ ਪਰ ਰੇਲਵੇ ਲਾਈਨ ’ਚ ਕਰੈਕ ਕਾਰਨ ਟਰੇਨ 3 ਘੰਟੇ ਹੋਰ ਲੇਟ ਹੋ ਗਈ। ਘਟਨਾ ਦਾ ਸਮੇਂ ਸਿਰ ਪਤਾ ਲੱਗ ਗਿਆ। ਇਸ ਲਈ ਸ਼ੁਕਰ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਪਰ ਸੱਚਖੰਡ ਐਕਸਪ੍ਰੈਸ ਅੰਮ੍ਰਿਤਸਰ ਤੋਂ ਰਵਾਨਾ ਹੋਣ ਤੋਂ ਕਰੀਬ 32 ਘੰਟੇ ਬਾਅਦ ਮਨਮਾਡ ਸਟੇਸ਼ਨ ਪਹੁੰਚੀ। ਰੇਲਗੱਡੀ ਦੇ ਘੰਟਿਆਂਬੱਧੀ ਲੇਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : CM ਮਾਨ ਦੇ ਲੁਧਿਆਣਾ ਦੌਰੇ ਨਾਲ ਕਈਆਂ ਨੂੰ ਆਈਆਂ ‘ਤ੍ਰੇਲੀਆਂ’, ਬਲਾਕ ਪ੍ਰਧਾਨਾਂ ਦੇ ਚਿਹਰਿਆਂ ’ਤੇ ਲਾਲੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News