ਕਾਂਗਰਸ ''ਚ ਸਿੱਧੂ ਵਰਗੇ ਈਮਾਨਦਾਰ ਤੇ ਸੱਚੇ ਵਿਅਕਤੀ ਲਈ ਕੋਈ ਜਗ੍ਹਾ ਨਹੀਂ: ਬੈਂਸ

07/22/2019 8:52:27 PM

ਫ਼ਤਿਹਗੜ੍ਹ ਸਾਹਿਬ,(ਜਗਦੇਵ): ਲੋਕ ਇਨਸਾਫ ਪਾਰਟੀ ਵਲੋਂ ਪੰਜਾਬ ਨੂੰ ਬੰਜਰ ਹੋਣ ਤੇ ਕੰਗਾਲੀ ਤੋਂ ਬਚਾਉਣ ਲਈ ਜਨ ਅੰਦੋਲਨ ਸਾਡਾ ਪਾਣੀ ਸਾਡਾ ਹੱਕ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਆਗਾਜ਼ ਕੀਤਾ ਗਿਆ।  ਇਸ ਮੌਕੇ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 16 ਨਵੰਬਰ 2016 ਨੂੰ ਵਿਧਾਨ ਸਭਾ 'ਚ ਰਾਜਸਥਾਨ ਤੋਂ ਪੰਜਾਬ ਦੇ ਪਾਣੀ ਦੀ 16 ਲੱਖ ਕਰੋੜ ਦੀ ਵਸੂਲੀ ਲਈ ਬਿੱਲ ਪਾਸ ਹੋ ਚੁੱਕਾ ਹੈ ਪਰ ਅਜੇ ਤੱਕ ਇਹ ਵਸੂਲੀ ਨਹੀਂ ਕੀਤੀ ਗਈ, ਜਿਸ ਕਰਕੇ ਲਿੱਪ ਵਲੋਂ ਸਾਡਾ ਪਾਣੀ ਸਾਡਾ ਹੱਕ ਜਨ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਤੇ ਇਸ ਅੰਦੋਲਨ ਤਹਿਤ 21 ਲੱਖ ਲੋਕਾਂ ਤੋਂ ਦਸਤਖਤ ਕਰਵਾ ਕੇ ਵਿਧਾਨ ਸਭਾ 'ਚ ਪਟੀਸ਼ਨ ਦਾਇਰ ਕੀਤੀ ਜਾਵੇਗੀ ਕਿ ਰਾਜਸਥਾਨ ਤੋਂ 16 ਲੱਖ ਕਰੋੜ ਦੀ ਵਸੂਲੀ ਕੀਤੀ ਜਾਵੇ। ਇਸ ਪੈਸੇ ਨਾਲ ਸੂਬੇ ਸਿਰ ਚੜ੍ਹਿਆ 3 ਲੱਖ ਕਰੋੜ ਤੇ ਕਿਸਾਨਾਂ ਸਿਰ ਚੜ੍ਹਿਆ 1 ਲੱਖ ਕਰੋੜ ਦਾ ਕਰਜ਼ਾ ਉਤਾਰ ਕੇ ਪੰਜਾਬ ਕੋਲ 12 ਲੱਖ ਕਰੋੜ ਬਚ ਜਾਵੇਗਾ, ਜਿਸ ਨਾਲ ਜਿੱਥੇ ਪੰਜਾਬ ਟੈਕਸ ਮੁਕਤ ਸੂਬਾ ਬਣ ਸਕੇਗਾ, ਉੱਥੇ ਲੋਕਾਂ ਨੂੰ ਸਿਹਤ ਤੇ ਸਿੱਖਿਆ ਵਰਗੀਆਂ ਮੁਫ਼ਤ ਸਹੂਲਤਾਂ ਵੀ ਮਿਲ ਸਕਣਗੀਆਂ।
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਜਲੀਲ ਕੀਤਾ ਗਿਆ ਹੈ ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ 'ਚ ਨਵਜੋਤ ਸਿੰਘ ਸਿੱਧੂ ਵਰਗੇ ਈਮਾਨਦਾਰ ਤੇ ਸੱਚੇ ਵਿਅਕਤੀ ਲਈ ਕੋਈ ਜਗ੍ਹਾ ਨਹੀਂ, ਜੇਕਰ ਨਵਜੋਤ ਸਿੱਧੂ ਦੀ ਪਾਰਟੀ 'ਚ ਕੋਈ ਸੁਣਦਾ ਨਹੀਂ ਤਾਂ ਉਸ ਨੂੰ ਕੋਈ ਫ਼ੈਸਲਾ ਲੈ ਲੈਣਾ ਚਾਹੀਦਾ ਹੈ। ਇਸ ਮੌਕੇ ਮਨਵਿੰਦਰ ਸਿੰਘ ਗਿਆਸਪੁਰਾ, ਸਕੱਤਰ ਜਸਵੰਤ ਸਿੰਘ ਗੱਜਣ ਮਾਜਰਾ, ਕਰਨਲ ਅਵਤਾਰ ਸਿੰਘ, ਰਤਨ ਸਿੰਘ ਬਾਜਵਾ, ਰਾਜਬੀਰ ਸਿੰਘ ਖ਼ਾਲਸਾ, ਰਣਧੀਰ ਸਿੰਘ ਸਿਵੀਆ, ਗੁਰਸੇਵਕ ਸਿੰਘ ਮੁਗਲ ਮਾਜਰਾ ਆਦਿ ਮੌਜੂਦ ਸਨ।ਇਸ ਦੌਰਾਨ ਪ੍ਰੋ. ਧਰਮਜੀਤ ਸਿੰਘ ਜਲਵੇੜ ਨੂੰ ਜ਼ਿਲਾ ਪ੍ਰਧਾਨ, ਗੁਰਜੀਤ ਸਿੰਘ ਖ਼ਾਲਸਾ ਨੂੰ ਫ਼ਤਿਹਗੜ੍ਹ ਸਾਹਿਬ, ਰੋਪੜ ਅਤੇ ਮੋਹਾਲੀ ਜ਼ਿਲੇ ਦਾ ਧਾਰਮਕ ਵਿੰਗ ਦਾ ਪ੍ਰਧਾਨ ਅਤੇ ਸੁਤੰਤਰਦੀਪ ਸਿੰਘ ਬਡਗੱਜਰਾਂ ਨੂੰ ਫ਼ਤਿਹਗੜ੍ਹ ਸਾਹਿਬ ਜ਼ਿਲੇ ਦਾ ਧਾਰਮਿਕ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।


Related News