ਜ਼ੀਰਕਪੁਰ ਦੇ ਲਗਜ਼ਰੀ ਸਟੋਰ ’ਚ ਡੇਢ ਕਰੋੜ ਦੀ ਚੋਰੀ, ਮੈਨੇਜਰ ਦੀ ਭੂਮਿਕਾ ਜਾਂਚ ਹੇਠ

Saturday, Aug 22, 2026 - 12:34 PM (IST)

ਜ਼ੀਰਕਪੁਰ ਦੇ ਲਗਜ਼ਰੀ ਸਟੋਰ ’ਚ ਡੇਢ ਕਰੋੜ ਦੀ ਚੋਰੀ, ਮੈਨੇਜਰ ਦੀ ਭੂਮਿਕਾ ਜਾਂਚ ਹੇਠ

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੀ ਆਕਸਫੋਰਡ ਸਟਰੀਟ ਸਥਿਤ ‘ਫਿਨੈੱਸ ਦ ਲਗਜ਼ਰੀ ਸਟੋਰ’ ’ਚੋਂ ਕਰੀਬ ਡੇਢ ਕਰੋੜ ਰੁਪਏ ਦਾ ਕੀਮਤੀ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਟੋਰ ਮਾਲਕ ਅਰਵਿੰਦ ਕੁਮਾਰ ਦੀ ਸ਼ਿਕਾਇਤ ’ਤੇ ਜ਼ੀਰਕਪੁਰ ਪੁਲਸ ਨੇ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ’ਚ ਸਟੋਰ ਦੀ ਮੈਨੇਜਰ ਮੋਹਿਨਾ ਦੀਵਾਨੀ ਉਰਫ਼ ਦੀਪੀ ਦੀ ਭੂਮਿਕਾ ਵੀ ਜਾਂਚ ਹੇਠ ਹੈ। ਸ਼ਿਕਾਇਤ ਮੁਤਾਬਕ 10 ਅਗਸਤ ਦੀ ਸਵੇਰ ਕਰਮਚਾਰੀ ਸਟੋਰ ਖੋਲ੍ਹਣ ਪਹੁੰਚੇ ਤਾਂ ਸ਼ਟਰ ਦਾ ਤਾਲਾ ਟੁੱਟਿਆ ਮਿਲਿਆ। ਜਾਂਚ ਦੌਰਾਨ 200 ਤੋਂ ਵੱਧ ਮਹਿੰਗੀਆਂ ਰੈਡੀਮੇਡ ਡਰੈੱਸਾਂ, ਕਰੀਬ 15 ਹਜ਼ਾਰ ਮੀਟਰ ਆਯਾਤ ਕੀਤਾ ਕੱਪੜਾ, ਦੋ ਏਸੀ, ਲੈਪਟਾਪ, ਕੰਪਿਊਟਰ, ਸਾਊਂਡ ਸਿਸਟਮ, ਫਰਨੀਚਰ ਤੇ ਹੋਰ ਸਾਮਾਨ ਗਾਇਬ ਪਾਇਆ ਗਿਆ।

ਸੁਰੱਖਿਆ ਗਾਰਡ ਨੇ ਦੱਸਿਆ ਕਿ 9 ਅਗਸਤ ਦੀ ਸ਼ਾਮ ਮੈਨੇਜਰ ਨੂੰ ਸਟੋਰ ਨੇੜੇ ਦੇਖਿਆ ਗਿਆ ਸੀ ਤੇ ਸਾਮਾਨ ਹੋਰ ਥਾਂ ਤਬਦੀਲ ਕਰਨ ਦੀ ਗੱਲ ਕਹੀ ਗਈ ਸੀ। ਬਾਅਦ ’ਚ ਕਰਮਚਾਰੀ ਉਸ ਦੇ ਫਲੈਟ ’ਤੇ ਪਹੁੰਚੇ, ਜਿੱਥੇ ਕੁਝ ਸਟੋਰ ਨਾਲ ਸਬੰਧਤ ਸਮਾਨ ਮਿਲਣ ਦੀ ਗੱਲ ਸਾਹਮਣੇ ਆਈ। ਥਾਣਾ ਮੁਖੀ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸਾਮਾਨ ਦੀ ਬਰਾਮਦਗੀ ਤੇ ਪੂਰੇ ਮਾਮਲੇ ਦੀ ਕੜੀ ਜੋੜਨ ਲਈ ਜਾਂਚ ਜਾਰੀ ਹੈ। ਹੋਰ ਪਹਿਲੂਆਂ ਨੂੰ ਖੰਗਾਲਿਆ ਜਾ ਰਿਹਾ ਹੈ।


author

Babita

Content Editor

Related News