ਫਿਰੋਜ਼ਪੁਰ ਜ਼ਿਲਾ ਹੈੱਡਕੁਆਰਟਰ ''ਤੇ ਕੋਰਟ ਕੰਪਲੈਕਸ ਦਾ ਬੁਰਾ ਹਾਲ
Thursday, Aug 03, 2017 - 12:55 AM (IST)
ਫਿਰੋਜ਼ਪੁਰ (ਕੁਮਾਰ)- ਫਿਰੋਜ਼ਪੁਰ ਜ਼ਿਲਾ ਹੈੱਡਕੁਆਰਟਰ 'ਤੇ ਪੁਰਾਣੇ ਕੋਰਟ ਕੰਪਲੈਕਸ ਨੂੰ ਡਿਮੋਲਿਸ਼ ਕਰਨ ਦੇ ਬਾਅਦ ਗੁਜ਼ਾਰੇ ਲਈ ਬਣਾਏ ਗਏ ਵਕੀਲਾਂ ਦੇ ਚੈਂਬਰਾਂ ਵਾਲੇ ਕੋਰਟ ਕੰਪਲੈਕਸ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ।
ਇਸ ਕੋਰਟ ਕੰਪਲੈਕਸ ਵਿਚ ਪੱਕੀਆਂ ਸੜਕਾਂ ਨਾ ਹੋਣ ਦੇ ਕਾਰਨ ਬਾਰਿਸ਼ ਹੁੰਦੇ ਹੀ ਇਹ ਕੋਰਟ ਕੰਪਲੈਕਸ ਚਿੱਕੜ ਨਾਲ ਭਰ ਜਾਂਦਾ ਹੈ ਤੇ ਕਈ ਦਿਨ ਤੱਕ ਚਿੱਕੜ ਵਿਚੋਂ ਨਿਕਲ ਕੇ ਅਦਾਲਤਾਂ ਤੱਕ ਜਾਣਾ ਵਕੀਲਾਂ ਤੇ ਆਮ ਜਨਤਾ ਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਮੌਜੂਦਾ ਕੋਰਟ ਕੰਪਲੈਕਸ ਵਿਚ ਆਮ ਲੋਕਾਂ ਦੇ ਪੀਣ ਲਈ ਪਾਣੀ ਅਤੇ ਪਖਾਨੇ ਆਦਿ ਦਾ ਸਰਕਾਰ ਤੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਜ਼ਿਲਾ ਭਰ ਤੋਂ ਲੋਕਾਂ ਨੂੰ ਕੋਰਟ ਕੰਪਲੈਕਸ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅੱਤ ਦੀ ਗਰਮੀ ਵਿਚ ਪਾਣੀ ਦੀ ਇਕ-ਇਕ ਬੂੰਦ ਦੇ ਲਈ ਲੋਕ ਤਰਸਦੇ ਰਹਿੰਦੇ ਹਨ। ਐੱਨ.ਜੀ.ਓ. ਸਰਬਜੀਤ ਸਿੰਘ ਛਾਬੜਾ, ਸੀਨੀਅਰ ਐਡਵੋਕੇਟ ਬਸੰਤ ਲਾਲ ਮਲਹੋਤਰਾ, ਐਡਵੋਕੇਟ ਅਜੇ ਲਟਾਵਾ, ਐਡਵੋਕੇਟ ਅਸ਼ਵਨੀ ਢੀਂਗਰਾ ਆਦਿ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਉਹ ਖੁਦ ਆ ਕੇ ਕੋਰਟ ਕੰਪਲੈਕਸ ਦਾ ਦੌਰਾ ਕਰਨ ਅਤੇ ਦੇਖਣ ਕਿ ਵਕੀਲ, ਕਲਰਕ, ਟਾਈਪਿਸਟ ਆਦਿ ਕਿਵੇਂ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਜ਼ਿਲਾ ਕੋਰਟ ਕੰਪਲੈਕਸ ਵਿਚ ਲੋਕਾਂ ਦੀਆਂ ਸਹੂਲਤਾਂ ਦਾ ਤੁਰੰਤ ਹੱਲ ਕੀਤਾ ਜਾਵੇ।
