ਪਾਬੰਦੀ ਦੇ ਬਾਵਜੂਦ ਮੂੰਹ ਢਕ ਕੇ ਚਲਾਏ ਜਾ ਰਹੇ ਨੇ ਵਾਹਨ
Thursday, Mar 15, 2018 - 01:21 AM (IST)

ਰੂਪਨਗਰ, (ਕੈਲਾਸ਼)- ਸਰਦੀਆਂ ਤੋਂ ਬਾਅਦ ਦਸਤਕ ਦੇਣ ਲੱਗੀ ਗਰਮੀ ਦੇ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੇ ਆਪਣੇ ਮੂੰਹ ਢਕਣੇ ਵੀ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਸਰਦੀਆਂ ਦੇ ਮੌਸਮ ਤੋਂ ਬਾਅਦ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਦਿਨ ਦਾ ਤਾਪਮਾਨ 33 ਤੋਂ ਲੈ ਕੇ 35 ਡਿਗਰੀ ਤੱਕ ਪਹੁੰਚ ਰਿਹਾ ਹੈ, ਜਿਸ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ, ਮਹਿਲਾਵਾਂ ਨੇ ਆਪਣੇ-ਆਪਣੇ ਮੂੰਹ ਢਕਣੇ ਸ਼ੁਰੂ ਕਰ ਦਿੱਤੇ ਹਨ।
ਕਈ ਵਾਰ ਤਾਂ ਵੇਖਣ 'ਚ ਆਇਆ ਹੈ ਕਿ ਕੁਝ ਮਹਿਲਾਵਾਂ ਪੈਦਲ ਚੱਲਦੇ ਸਮੇਂ ਵੀ ਆਪਣਾ ਮੂੰਹ ਕੱਪੜੇ ਆਦਿ ਨਾਲ ਪੂਰੀ ਤਰਾਂ ਢਕ ਲੈਂਦੀਆਂ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਭਾਵੇਂ ਮੂੰਹ ਢਕ ਕੇ ਵਾਹਨ ਚਲਾਉਣ 'ਤੇ ਪਾਬੰਦੀ ਲਾਈ ਹੋਈ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕੁਝ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਮੂੰਹ ਢਕਣ ਦੀ ਆੜ 'ਚ ਸ਼ਰਾਰਤੀ ਤੱਤ ਵੀ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਲੋਕਾਂ ਨੇ ਦੱਸਿਆ ਕਿ ਕਈ ਵਾਰ ਤਾਂ ਕੁਝ ਮੋਟਰਸਾਈਕਲਾਂ 'ਤੇ ਜਾਣ ਵਾਲੇ ਨੌਜਵਾਨ ਜੋ ਆਪਣਾ ਮੂੰਹ ਆਦਿ ਢਕ ਕੇ ਚੱਲਦੇ ਹਨ ਉਨ੍ਹਾਂ ਦੇ ਮੋਟਰਸਾਈਕਲਾਂ 'ਤੇ ਨੰਬਰ ਪਲੇਟ ਤੱਕ ਨਹੀਂ ਹੁੰਦੀ, ਜੋ ਕਿ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੰਦੇ ਹਨ। ਇਸ ਤੋਂ ਇਲਾਵਾ ਕਈ ਵਾਹਨ ਚਾਲਕ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਮੂੰਹ ਢਕ ਕੇ ਟ੍ਰਿਪਲ ਰਾਈਡਿੰਗ ਵੀ ਕਰ ਰਹੇ ਹੁੰਦੇ ਹਨ। ਸਮਾਜ ਸੇਵੀ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਲਾਈਆਂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਵੇ।