ਪੰਜਾਬੀਓ ਸਾਵਧਾਨ! ਮੁੜ ਮੰਡਰਾਉਣ ਲੱਗਾ ਕੋਰੋਨਾ ਵਾਇਰਸ ਦਾ ਖਤਰਾ
Monday, May 26, 2025 - 12:43 PM (IST)

ਅੰਮ੍ਰਿਤਸਰ(ਦਲਜੀਤ)– ਕੋਰੋਨਾ ਵਾਇਰਸ ਭਾਰਤ ਵਿਚ ਇਕ ਵਾਰ ਫਿਰ ਤੋਂ ਪੈਰ ਪਸਾਰਨ ਲੱਗ ਪਿਆ ਹੈ। ਕੋਰੋਨਾ ਵਾਇਰਸ ਦਾ ਜੇ. ਐੱਨ. 1 ਵੇਰੀਐਂਟ ਦੇ 275 ਕੇਸ ਵੱਖ-ਵੱਖ ਸੂਬਿਆਂ ਵਿਚ ਸਾਹਮਣੇ ਆ ਚੁੱਕੇ ਹਨ। ਪੰਜਾਬ ਵਿਚ ਭਾਵੇਂ ਅਜੇ ਕੋਈ ਕੋਰੋਨਾ ਦਾ ਕੇਸ ਰਿਪੋਰਟ ਨਹੀਂ ਕੀਤਾ ਗਿਆ ਪਰ ਪੰਜਾਬ ਸਰਕਾਰ ਵੱਲੋਂ ਮੁਸਤੈਦੀ ਵਰਤਦਿਆਂ ਪਹਿਲਾਂ ਹੀ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ, ਆਕਸੀਜਨ ਅਤੇ ਟੈਸਟਿੰਗ ਦੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ।
ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਜਿੱਥੇ ਸੁਚੇਤ ਰਹਿਣ ਲਈ ਮਾਸਕ ਲਗਾ ਕੇ ਰੱਖਣ ਅਤੇ ਭੀੜ ਭਾੜ ਵਾਲੀ ਥਾਂ ’ਤੇ ਜ਼ਿਆਦਾ ਨਾ ਜਾਣ ਦੀ ਸਲਾਹ ਦਿੱਤੀ ਹੈ ਉਥੇ ਹੀ ਲੋਕਾਂ ਨੂੰ ਨਾ ਘਬਰਾ ਕੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਫਿਲਹਾਲ ਅੰਮ੍ਰਿਤਸਰ ਵਿਚ ਮੈਡੀਕਲ ਕਾਲਜ ਅਤੇ ਸਿਹਤ ਵਿਭਾਗ ਦੇ ਹਸਪਤਾਲਾਂ ਵਿਚ 763 ਬੈੱਡ ਰਾਖਵੇਂ ਰੱਖ ਕੇ 147 ਦੇ ਕਰੀਬ ਵੈਂਟੀਲੇਟਰ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗਰਮੀ ਤੋਂ ਮਿਲ ਸਕਦੀ ਹੈ ਰਾਹਤ, ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ
ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦਾ ਵੇਰੀਐਂਟ ਜੇ. ਐੱਨ. 1 ਦੇ ਤਕਰੀਬਨ 275 ਮਾਮਲੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਰਿਪੋਰਟ ਕੀਤੇ ਗਏ ਹਨ। ਇਥੋਂ ਤੱਕ ਕਿ ਪੰਜਾਬ ਦੇ ਨਜ਼ਦੀਕੀ ਸੂਬੇ ਹਰਿਆਣਾ ਵਿਚ ਤਕਰੀਬਨ 9 ਮਾਮਲੇ ਪਾਜ਼ੇਟਿਵ ਰਿਪੋਰਟ ਕੀਤੇ ਗਏ ਹਨ। ਪੰਜਾਬ ਵਿਚ ਭਾਵੇਂ ਅਜੇ ਤੱਕ ਕੋਈ ਵੀ ਮਾਮਲਾ ਪਾਜ਼ੇਟਿਵ ਸਾਹਮਣੇ ਨਹੀਂ ਆਇਆ ਹੈ ਪਰ ਸਰਕਾਰ ਵੱਲੋਂ ਲੋਕਾਂ ਨੂੰ ਸੁਚੇਤ ਰਹਿ ਕਿ ਨਾ ਘਬਰਾਉਣ ਦੀ ਅਪੀਲ ਕੀਤੀ ਗਈ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਵੀ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਅੰਦਰ ਸਰਗਰਮੀ ਨਾਲ ਟੈਸਟਿੰਗ ਕਰ ਰਹੇ ਹਾਂ, ਸਾਡੀ ਸਿਹਤ ਸੰਭਾਲ ਪ੍ਰਣਾਲੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਹਰ ਪੱਖੋਂ ਲੈਸ ਹੈ। ਚੌਕਸ ਰਹੋ, ਸੁਰੱਖਿਅਤ ਰਹੋ ਦੀ ਅਪੀਲ ਕਰਦਿਆਂ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ, ਆਕਸੀਜਨ ਅਤੇ ਹੋਰਨਾਂ ਪ੍ਰਬੰਧਾਂ ਨੂੰ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ।
ਜ਼ਿਲ੍ਹੇ ਅੰਮ੍ਰਿਤਸਰ ਵਿਚ ਪਿਛਲੇ ਸਮੇਂ ਦੌਰਾਨ ਕੋਰੋਨਾ ਵਾਇਰਸ ਨੇ ਆਪਣਾ ਭਿਆਨਕ ਰੂਪ ਵਿਖਾਇਆ ਸੀ। ਅੰਮ੍ਰਿਤਸਰ ਦੇ ਕਈ ਲੋਕ ਵੱਡੀ ਤਾਦਾਦ ਵਿਚ ਪਾਜ਼ੇਟਿਵ ਹੋਏ ਸਨ ਅਤੇ ਕਈ ਕੀਮਤੀ ਜਾਨਾਂ ਪਿਛਲੇ ਸਮੇਂ ਦੌਰਾਨ ਗਈਆਂ ਸਨ। ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚੱਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਜਿੱਥੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਸਿਹਤ ਵਿਭਾਗ ਦੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਤੋਂ ਇਲਾਵਾ ਵੱਖ-ਵੱਖ ਹਸਪਤਾਲਾਂ ਵਿਚ ਵੀ ਲੋੜੀਂਦੇ ਪ੍ਰਬੰਧ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਅਕਾਲੀ ਦਲ ਦੇ ਮੌਜੂਦਾ ਕੌਂਸਲਰ ਨੂੰ ਗੋਲੀਆਂ ਨਾਲ ਭੁੰਨਿਆ
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਦਾ ਸਭ ਵੇਰੀਐਂਟ ਇਨ੍ਹਾਂ ਨੁਕਸਾਨਦਾਇਕ ਨਹੀਂ ਹੈ ਪਰ ਲੋਕਾਂ ਨੂੰ ਫਿਰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ 463 ਬੈੱਡ ਜਿੱਥੇ ਰਾਖਵੇਂ ਰੱਖੇ ਗਏ ਹਨ, ਉਥੇ ਹੀ 137 ਵੈਂਟੀਲੇਟਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਕਸੀਜਨ ਵੀ ਢੁੱਕਵੀਂ ਮਾਤਰਾ ਵਿਚ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਸਟਾਫ ਅਤੇ ਡਾਕਟਰਾਂ ਦੀ ਸੰਖਿਆ ਵੀ ਪੂਰੀ ਹੈ।
ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੂਰੀ ਮੁਸਤੈਦੀ ਦੇ ਨਾਲ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਵੇਂ ਕੋਈ ਵੀ ਅਜੇ ਕੇਸ ਨਹੀਂ ਆਇਆ ਹੈ ਪਰ ਫਿਰ ਵੀ ਅਸੀਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਸਿਹਤ ਵਿਭਾਗ ਨੇ 300 ਬੈੱਡ ਅਤੇ 10 ਵੈਂਟੀਲੇਟਰ ਰੱਖੇ ਰਾਖਵੇਂ
ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਵਿਚ ਅਜੇ ਕੋਈ ਵੀ ਦਹਿਸ਼ਤ ਵਾਲਾ ਮਾਹੌਲ ਨਹੀਂ ਹੈ। ਲੋਕ ਸੁਚੇਤ ਰਹਿਣ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਰਹਿਣ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਵੱਖ-ਵੱਖ ਹਸਪਤਾਲਾਂ ਵਿਚ 300 ਬੈਡ ਅਤੇ 10 ਵੈਂਟੀਲੇਟਰ ਮੌਜੂਦ ਹਨ। ਇਸ ਤੋਂ ਇਲਾਵਾ ਦਵਾਈ ਆਕਸੀਜਨ ਆਦਿ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਡਾਕਟਰ ਕਿਰਨਦੀਪ ਨੇ ਦੱਸਿਆ ਕਿ ਜੇਕਰ ਭਵਿੱਖ ਵਿਚ ਕੋਈ ਅਜਿਹੀ ਸਥਿਤੀ ਆਉਂਦੀ ਹੈ ਤਾਂ ਗੰਭੀਰ ਅਵਸਥਾ ਵਾਲੇ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਫਵਾਵਾਂ ’ਤੇ ਗੌਰ ਨਾ ਕਰੋ ਅਤੇ ਸੁਚੇਤ ਰਹੋ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਹਸਪਤਾਲ ਵੀ ਸਿਹਤ ਵਿਭਾਗ ਦੀ ਸਪੋਰਟ ਲਈ ਖੜ੍ਹੇ ਹਨ।
ਇਹ ਵੀ ਪੜ੍ਹੋ- ਸੁਨਹਿਰੀ ਭਵਿੱਖ ਦੀ ਭਾਲ 'ਚ ਵਿਦੇਸ਼ ਗਏ ਨੌਜਵਾਨ ਦੀ ਮੌਤ
ਪੰਜਾਬ ਦੀ ਪਹਿਲੀ ਕੋਵਿਡ ਟੈਸਟਿੰਗ ਲੈਬ ’ਚ 10 ਹਜ਼ਾਰ ਟੈਸਟ ਹੁੰਦੇ ਹਨ ਰੋਜ਼ਾਨਾ
ਪੰਜਾਬ ਦੀ ਪਹਿਲੀ ਕੋਵਿਡ ਟੈਸਟਿੰਗ ਵੀ ਆਰਡੀਐਲ ਲੈਬ ’ਚ ਰੋਜ਼ਾਨਾ 10 ਹਜ਼ਾਰ ਤੱਕ ਟੈਸਟ ਕਰਨ ਦੀ ਸਮਤਾ ਹੈ। ਪਿਛਲੇ ਸਮੇਂ ਦੌਰਾਨ ਜਦੋਂ ਕੋਰੋਨਾ ਵਾਇਰਸ ਪੂਰੇ ਜੋਬਨ ਵਿਚ ਸੀ ਤਾਂ ਉਸ ਸਮੇਂ ਵੀ ਉਕਤ ਲੈਬ ਨੇ ਆਪਣੀ ਅਹਿਮ ਭੂਮਿਕਾ ਨਿਭਾਉਂਦਿਆਂ ਹੋਇਆ ਲੋਕਾਂ ਦੀ ਕੀਮਤੀ ਜਾਨਾਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ। ਲੈਬ ਦੇ ਇੰਚਾਰਜ ਡਾਕਟਰ ਕੇ. ਡੀ. ਸਿੰਘ ਦੀ ਅਗਵਾਈ ਵਿਚ ਸਮੁੱਚੀ ਟੀਮ ਵੱਲੋਂ ਉਸ ਸਮੇਂ ਵੀ ਦਿਨ ਰਾਤ ਡੱਟ ਕੇ ਕੰਮ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਰੋਜ਼ਾਨਾ 10 ਹਜ਼ਾਰ ਤੱਕ ਟੈਸਟ ਕਰਨ ਦੀ ਲੈਬ ਵਿਚ ਸਮੱਰਥਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਸਭ ਵੇਰੀਐਂਟ ਜੇ. ਐੱਨ. ਵਨ ਜ਼ਿਆਦਾ ਖਤਰਨਾਕ ਨਹੀਂ ਹੈ ਪਰ ਲੋਕਾਂ ਨੂੰ ਫਿਰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ।
ਸਰਕਾਰੀ ਟੀ. ਬੀ. ਹਸਪਤਾਲ ’ਚ ਵੀ ਕੀਤੇ ਲੋੜੀਂਦੇ ਪ੍ਰਬੰਧ
ਸਰਕਾਰੀ ਟੀ. ਬੀ. ਹਸਪਤਾਲ ਦੇ ਮੁਖੀ ਡਾਕਟਰ ਗੁਨੀਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਭਾਵੇਂ ਅਜੇ ਕੋਈ ਵੀ ਮਾਮਲਾ ਪੰਜਾਬ ਵਿਚ ਪਾਜ਼ੇਟਿਵ ਨਹੀਂ ਆਇਆ ਪਰ ਫਿਰ ਵੀ ਮੁਸਤੈਦ ਰਹਿੰਦਿਆਂ ਹਸਪਤਾਲ ਵਿਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਹਸਪਤਾਲ ਵਿਚ ਮਾਸਕ ਲਗਾ ਕੇ ਆਉਣ ਅਤੇ ਤੰਦਰੁਸਤ ਛੋਟੇ ਬੱਚਿਆਂ ਨੂੰ ਹਸਪਤਾਲ ਵਿੱਚ ਬਿਲਕੁਲ ਵੀ ਨਾਲ ਲੈ ਕੇ ਆਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਹੁਕਮਾਂ ਦੀ ਪਾਲਣ ਕਰਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਰਾਖਵੇਂ ਬੈਂਡ ਰੱਖੇ ਜਾ ਰਹੇ ਹਨ ਅਤੇ ਡਾਕਟਰਾਂ ਦੀ ਟੀਮ ਵੀ ਪੂਰੀ ਮੁਸਤੈਦੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ
ਇਹ ਵੀ ਪੜ੍ਹੋ- ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਵਿਭਾਗ ਦਾ ਸਾਥ ਦੇਣ ਦਾ ਕੀਤਾ ਐਲਾਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪਬਲਿਕ ਰਿਲੇਸ਼ਨ ਅਧਿਕਾਰੀ ਅਤੇ ਸੈਕਟਰੀ ਡਾਕਟਰ ਨਰੇਸ਼ ਚਾਵਲਾ ਨੇ ਦੱਸਿਆ ਕਿ ਹਰ ਤਰ੍ਹਾਂ ਦੀ ਸਥਿਤੀ ਵਿਚ ਹਮੇਸ਼ਾ ਹੀ ਐਸੋਸੀਏਸ਼ਨ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲ ਵਿਭਾਗ ਦਾ ਹਮੇਸ਼ਾ ਤੋਂ ਸਾਥ ਦਿੰਦੇ ਰਹੇ ਹਨ ਅਤੇ ਪਿਛਲੇ ਸਮੇਂ ਦੇ ਦੌਰਾਨ ਕੋਰੋਨਾ ਵਾਇਰਸ ਦੌਰਾਨ ਵੀ ਹਸਪਤਾਲਾਂ ਵੱਲੋਂ ਆਪਣੀ ਅਹਿਮ ਭੂਮਿਕਾ ਨਿਭਾਈ ਗਈ ਸੀ। ਪ੍ਰਾਈਵੇਟ ਹਸਪਤਾਲਾਂ ਵੱਲੋਂ ਸਰਕਾਰੀ ਹੁਕਮਾਂ ਤਹਿਤ ਕੰਮ ਕੀਤਾ ਗਿਆ ਸੀ ਡਾਕਟਰ ਚਾਵਲਾ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਬਸ ਸੁਚੇਤ ਰਹਿਣ ਦੀ ਲੋੜ ਹੈ। ਅਫਵਾਹਾਂ ਤੋਂ ਗੁਰੇਜ ਕਰੋ ਅਤੇ ਮਾਸਕ ਲਗਾ ਕੇ ਰੱਖੋ ਭੀੜ ਭਾੜ ਵਾਲੇ ਥਾਂ ਤੇ ਨਾ ਜਾਓ।
ਖਾਂਸੀ, ਜ਼ੁਕਾਮ, ਬੁਖਾਰ ਹਨ ਮੁੱਖ ਨਵੇਂ ਵੇਰੀਐਂਟ ਦੇ ਲੱਛਣ
ਸਰਕਾਰੀ ਟੀ. ਬੀ. ਹਸਪਤਾਲ ਦੇ ਡਾਕਟਰ ਵਿਸ਼ਾਲ ਵਰਮਾ ਨੇ ਦੱਸਿਆ ਕਿ ਖਾਂਸੀ ਜੁਕਾਮ ਬੁਖਾਰ ਆਦਿ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮੁੱਖ ਲੱਛਣ ਹਨ। ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜਦੋਂ ਵੀ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਆਪਣੇ ਸਰਕਾਰੀ ਸਿਹਤ ਕੇਂਦਰਾਂ ਤੋਂ ਟੈਸਟਿੰਗ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ। ਘਬਰਾਓ ਨਹੀਂ ਇਸ ਵੇਰੀਐਂਟ ਨਾਲ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਪਰ ਨਿਰਧਾਰਿਤ ਸਮੇਂ ’ਤੇ ਕਰਵਾਇਆ ਇਲਾਜ ਠੀਕ ਰਹਿੰਦਾ ਹੈ। ਡਾਕਟਰ ਵਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਿਹਤ ਕੇਂਦਰਾਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ
ਭਾਰਤ ਅੰਦਰ ਪਾਜ਼ੀਟਿਵ ਆਏ 98 ਫੀਸਦੀ ਮਰੀਜ਼ ਹੋ ਚੁੱਕੇ ਹਨ ਠੀਕ
ਸਰਕਾਰੀ ਛਾਤੀ ਰੋਗ ਅਤੇ ਟੀ. ਬੀ. ਹਸਪਤਾਲ ਦੇ ਡਾਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਵੇਰੀਐਂਟ ਜਲਦੀ ਹੀ ਠੀਕ ਹੋ ਜਾਂਦਾ ਹੈ। ਭਾਰਤ ਅੰਦਰ ਹੁਣ ਤੱਕ ਜਿੰਨੇ ਵੀ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿੱਚੋਂ 98 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ ।
ਬੱਚੇ ਬਜ਼ੁਰਗ ਅਤੇ ਵੱਖ-ਵੱਖ ਬੀਮਾਰੀਆਂ ਤੋਂ ਗ੍ਰਸਤ ਮਰੀਜ਼ ਰੱਖਣ ਆਪਣਾ ਧਿਆਨ
ਸਰਕਾਰੀ ਮੈਡੀਕਲ ਕਾਲਜ ਅਤੇ ਟੀ. ਬੀ. ਹਸਪਤਾਲ ਦੇ ਸੀਨੀਅਰ ਡਾਕਟਰ ਸੰਦੀਪ ਮਹਾਜਨ ਨੇ ਦੱਸਿਆ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਬੀਮਾਰੀਆਂ ਦੀ ਗ੍ਰਸਤ ਵਿਚ ਆਏ ਮਰੀਜ਼ਾਂ ਨੂੰ ਵੀ ਆਪਣਾ ਧਿਆਨ ਰੱਖਣ ਦੀ ਲੋੜ ਹੈ।
ਸਰਕਾਰ ਦੇ ਹੁਕਮਾਂ ਦੀ ਕੀਤੀ ਜਾ ਰਹੀ ਹੈ ਪਾਲਣਾ
ਸਿਹਤ ਵਿਭਾਗ ਦੇ ਜ਼ਿਲ੍ਹਾ ਟੀਬੀ ਅਧਿਕਾਰੀ ਡਾਕਟਰ ਵਿਜੇ ਗੋਤਵਾਲ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਕੋਰੋਨਾ ਵਾਇਰਸ ਦੇ ਸਮੇਂ ਜਾਰੀ ਹੋਈ ਐਡਵਾਈਜਰੀ ਤਹਿਤ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜੁਝਾਰੂ ਲੋਕ ਕਾਫੀ ਸੂਝਵਾਨ ਹਨ ਅਤੇ ਸਰਕਾਰ ਦੇ ਹੁਕਮਾਂ ਦੇ ਤਹਿਤ ਜਾਗਰੂਕ ਹੋ ਕੇ ਸੂਬੇ ਦੀ ਭਲਾਈ ਦੇ ਲਈ ਇੱਕਮੁੱਠ ਹੋ ਕੇ ਕੰਮ ਕਰ ਰਹੇ ਹਨ।
ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾਕਟਰ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਸੁਚੇਤ ਰਹਿੰਦਿਆਂ ਹੋਇਆਂ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ ਅਤੇ ਭੀੜ ਵਾਲੀ ਥਾਂ 'ਤੇ ਨਹੀਂ ਜਾਣਾ ਚਾਹੀਦਾ। ਇਸ ਤੋਂ ਇਲਾਵਾ ਕਿਸੇ ਤੋਂ ਹੱਥ ਮਿਲਾਉਣ ਤੋਂ ਵੀ ਗੁਰੇਜ ਕਰਨਾ ਚਾਹੀਦਾ ਹੈ। ਘਰ ਆਉਣ ਸਮੇਂ ਹੱਥਾਂ ਨੂੰ ਸਾਫ ਪਾਣੀ ਨਾਲ ਸਾਬਣ ਦੇ ਇਸਤੇਮਾਲ ਨਾਲ ਧੋਣਾ ਚਾਹੀਦਾ ਹੈ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8