ਐੱਨ. ਐੱਸ. ਯੂ. ਆਈ. ਦੀ ਸਟੂਡੈਂਟ ਚੋਣਾਂ ''ਚ ਜਿੱਤ ਬਦਲਦੀ ਹਵਾ ਦਾ ਸੰਕੇਤ : ਅਮਰਿੰਦਰ

Friday, Sep 29, 2017 - 07:16 AM (IST)

ਐੱਨ. ਐੱਸ. ਯੂ. ਆਈ. ਦੀ ਸਟੂਡੈਂਟ ਚੋਣਾਂ ''ਚ ਜਿੱਤ ਬਦਲਦੀ ਹਵਾ ਦਾ ਸੰਕੇਤ : ਅਮਰਿੰਦਰ

ਜਲੰਧਰ  (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਯੂਨੀਵਰਸਿਟੀ ਚੋਣਾਂ 'ਚ ਸਟੂਡੈਂਟ ਯੂਨੀਅਨ ਦੀਆਂ ਹੋਈਆਂ ਚੋਣਾਂ 'ਚ ਕਾਂਗਰਸ ਸਮਰਥਕ ਐੱਨ. ਐੱਸ. ਯੂ. ਆਈ. ਦੀ ਜਿੱਤ ਦੇਸ਼ 'ਚ ਬਦਲਦੀ ਹਵਾ ਵੱਲ ਸੰਕੇਤ ਕਰ ਰਹੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ 'ਚ ਐੱਨ. ਐੱਸ. ਯੂ. ਆਈ. ਨੇ ਭਾਰੀ ਜਿੱਤ ਹਾਸਿਲ ਕੀਤੀ। ਐੱਨ. ਐੱਸ. ਯੂ. ਆਈ. ਦੀ ਪੰਜਾਬ ਯੂਨੀਵਰਸਿਟੀ ਯੂਨਿਟ ਦੇ ਵਿਦਿਆਰਥੀਆਂ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ 'ਤੇ ਭਗਤ ਸਿੰਘ ਦੀ ਤਸਵੀਰ ਮੁੱਖ ਮੰਤਰੀ ਨੂੰ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਜੋ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ, ਨੂੰ ਸਕਾਲਰਸ਼ਿਪ ਸਰਕਾਰ ਵਲੋਂ ਦਿੱਤੀ ਜਾਵੇਗੀ ਅਤੇ ਨਾਲ ਹੀ ਹੋਸਟਲ ਦੀ ਸਹੂਲਤ ਵੀ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਹੋਰ ਮੰਗਾਂ ਨੂੰ ਪੂਰਾ ਕਰਨ ਲਈ ਫੰਡ ਉਪਲੱਬਧ ਕਰਵਾਏਗੀ। ਕੈਪਟਨ ਨੇ ਕਿਹਾ ਕਿ ਸਟੂਡੈਂਟ ਯੂਨੀਅਨ ਦੀਆਂ ਚੋਣਾਂ 'ਚ ਨੌਜਵਾਨਾਂ ਨੇ ਭਾਜਪਾ ਹਮਾਇਤੀ ਸਟੂਡੈਂਟ ਸੰਗਠਨਾਂ ਨੂੰ ਠੁਕਰਾ ਦਿੱਤਾ ਹੈ।
ਮੁੱਖ ਮੰਤਰੀ ਨਾਲ ਮਿਲਣ ਵਾਲਿਆਂ 'ਚ ਐੱਨ. ਐੱਸ. ਯੂ. ਆਈ. ਦੇ ਪ੍ਰਧਾਨ ਜਸ਼ਨ ਕੰਬੋਜ ਜਨਰਲ ਸਕੱਤਰ ਵਾਣੀ ਸੂਦ, ਕਾਰਜਕਾਰੀ ਪ੍ਰਧਾਨ ਪ੍ਰਗਟ ਸਿੰਘ ਬਰਾੜ ਅਤੇ ਹੋਰ ਸ਼ਾਮਿਲ ਸਨ।
ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਯੂਨੀਵਰਸਿਟੀ 'ਚ ਨਵੇਂ ਹੋਸਟਲ ਦੇ ਨਿਰਮਾਣ ਨੂੰ ਲੈ ਕੇ ਚਾਂਸਲਰ ਤੇ ਵਾਈਸ ਚਾਂਸਲਰ ਨਾਲ ਗੱਲਬਾਤ ਕਰਨਗੇ। ਵਿਦਿਆਰਥੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਸਮੇਂ 8000 ਵਿਦਿਆਰਥੀ ਮੌਜੂਦਾ ਹੋਸਟਲ ਸਹੂਲਤ ਦਾ ਲਾਭ ਲੈ ਰਹੇ ਹਨ ਜਦਕਿ 5000 ਯੂਨੀਵਰਸਿਟੀ ਦੇ ਬਾਹਰ ਕਿਰਾਏ 'ਤੇ ਰਹਿ ਰਹੇ ਹਨ। ਵਿਦਿਆਰਥੀਆਂ ਨੇ ਮੁੱਖ ਮੰਤਰੀ ਦਾ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਦੀ ਰਾਸ਼ੀ 14 ਕਰੋੜ ਤੋਂ ਵਧਾ ਕੇ 32 ਕਰੋੜ ਕਰਨ ਲਈ ਧੰਨਵਾਦ ਕੀਤਾ ਹੈ।


Related News