ਹਰਿਆਣਾ ''ਚ ਵਿਧਾਨ ਸਭਾ ਚੋਣਾਂ ਆਪਣੇ ਦਮ ''ਤੇ ਲੜੇਗਾ ''ਸ਼੍ਰੋਮਣੀ ਅਕਾਲੀ ਦਲ''

Friday, Dec 22, 2017 - 08:40 AM (IST)

ਹਰਿਆਣਾ ''ਚ ਵਿਧਾਨ ਸਭਾ ਚੋਣਾਂ ਆਪਣੇ ਦਮ ''ਤੇ ਲੜੇਗਾ ''ਸ਼੍ਰੋਮਣੀ ਅਕਾਲੀ ਦਲ''

ਜੀਂਦ — ਸ਼੍ਰੋਮਣੀ ਅਕਾਲੀ ਦਲ ਨੇ 2019 ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਹਰਿਆਣੇ 'ਚ ਇਕੱਲੇ ਹੀ ਲੜਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਤਿਆਰੀਆਂ ਦੇ ਮੱਦੇਨਜ਼ਰ ਬੀਤੇ ਦਿਨੀਂ ਜੀਂਦ 'ਚ ਇਕ ਸੂਬਾ ਪੱਧਰੀ ਬੈਠਕ ਵੀ ਕੀਤੀ ਗਈ। ਇਥੇ ਮੁੱਖ ਤੌਰ 'ਤੇ ਪੁੱਜੇ ਅਕਾਲੀ ਦਲ ਦੇ ਪੰਜਾਬ ਦੇ ਵਿਧਾਇਕ ਸੁਰਜੀਤ ਸਿੰਘ ਨੇ ਕਿਹਾ ਹੈ ਕਿ ਹਰਿਆਣਾ 'ਚ ਸ਼੍ਰੋਮਣੀ ਅਕਾਲੀ ਦਲ ਹੁਣ ਇਕੱਲੇ ਆਪਣੇ ਦਮ 'ਤੇ ਚੋਣਾਂ ਲੜਣ ਦੇ ਲਈ ਸੰਗਠਨ ਨੂੰ ਮਜ਼ਬੂਤ ਬਣਾ ਰਿਹਾ ਹੈ ਅਤੇ ਆਗਾਮੀ ਵਿਧਾਨਸਭਾ ਅਤੇ ਲੋਕ ਸਭਾ ਚੋਣਾਂ 'ਚ ਆਪਣੀ ਪਾਰਟੀ ਦੇ ਉਮੀਦਵਾਰ ਖੜ੍ਹੇ ਕਰੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਇੰਡੀਅਨ ਨੈਸ਼ਨਲ ਲੋਕ ਦਲ ਨਾਲ ਮਿਲ ਕੇ ਚੋਣਾਂ ਲੜਦਾ ਰਿਹਾ ਹੈ। ਇਨੈਲੋ ਨਾਲੋਂ ਆਪਣੀ ਗਠਜੋੜ ਨੂੰ ਤੋੜਨ ਦੇ ਸਵਾਲ 'ਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਦੂਸਰੀਆਂ ਪਾਰਟੀਆਂ ਦੇ ਨਾਲ ਗਠਜੋੜ 'ਚ ਚੋਣਾਂ ਲੜਨ ਕਾਰਨ ਉਨ੍ਹਾਂ ਦੀ ਪਾਰਟੀ ਦੂਸਰੇ ਨੰਬਰ ਦੀ ਰਹਿ ਜਾਂਦੀ ਹੈ। ਇਸ ਲਈ ਉਹ ਇਕੱਲੇ ਹੀ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਕੈਨੇਡਾ 'ਚ ਵੀ ਆਪਣੇ 4 ਸੰਸਦੀ ਮੈਂਬਰ ਬਣਾਉਣ 'ਚ ਕਾਮਯਾਬ ਰਿਹਾ ਹੈ ਜਦਕਿ ਉਥੇ ਸਿੱਖਾਂ ਦੀ ਅਬਾਦੀ ਸਿਰਫ 2 ਫੀਸਦੀ ਹੀ ਹੈ। ਪਰ ਹਰਿਆਣੇ ਦੇ ਸਿੱਖਾਂ ਦੀ ਅਬਾਦੀ ਜ਼ਿਆਦਾ ਹੈ ਅਤੇ ਸੰਗਠਨ ਵੀ ਮਜ਼ਬੂਤ ਹੈ। ਇਸ ਲਈ ਪਾਰਟੀ ਹੁਣ ਆਪਣੇ ਦਮ 'ਤੇ ਆਉਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ।


Related News